ਤਾਲਿਬਾਨ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਦੂਜੇ ਧਰਮਾਂ ਦਾ ਸਨਮਾਨ ਨਹੀਂ ਕਰਦੇ। ਕਾਬੁਲ ਵਿੱਚ 10 ਦਿਨਾਂ ਵਿੱਚ ਦੂਜੀ ਵਾਰ ਇੱਕ ਤਾਲਿਬਾਨ ਸੁਰੱਖਿਆ ਦਸਤਾ ਜ਼ਬਰਦਸਤੀ ਇੱਕ ਗੁਰਦੁਆਰੇ ਵਿੱਚ ਦਾਖਲ ਹੋਇਆ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਉਨ੍ਹਾਂ ਨੂੰ ਧਮਕਾਇਆ। ਉੱਥੇ ਮੌਜੂਦ ਸਟਾਫ ਨਾਲ ਮਾਰਕੁੱਟ ਅਤੇ ਬਦਸਲੂਕੀ ਕੀਤੀ।
Taliban forcibly enter
ਸ਼ੁੱਕਰਵਾਰ ਨੂੰ ਤਾਲਿਬਾਨ ਦਾ ਵਿਸ਼ੇਸ਼ ਦਸਤਾ ਗੁਰਦੁਆਰਾ ਦਸਮੇਸ਼ ਪਿਤਾ ਪਹੁੰਚਿਆ। ਇੱਥੇ ਵੀ ਉਸੇ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਵੇਂ 10 ਦਿਨ ਪਹਿਲਾਂ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿਖੇ ਕੀਤੀਆਂ ਗਈਆਂ ਸਨ। ਸਿੱਖ ਫੋਰਮ ਆਫ ਕਾਬੁਲ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇੰਡੀਆ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਸੋਸ਼ਲ ਮੀਡੀਆ ‘ਤੇ ਲਿਖਿਆ – ਤਾਲਿਬਾਨ ਦੀ ਵਿਸ਼ੇਸ਼ ਯੂਨਿਟ ਦੇ ਕੁਝ ਭਾਰੀ ਹਥਿਆਰਾਂ ਨਾਲ ਲੈਸ ਲੋਕ ਸ਼ੁੱਕਰਵਾਰ ਨੂੰ ਕਾਬੁਲ ਦੇ ਗੁਰਦੁਆਰਾ ਦਸਮੇਸ਼ ਪਿਤਾ ਪਹੁੰਚੇ। ਉਨ੍ਹਾਂ ਨੇ ਇਥੇ ਮੌਜੂਦ ਲੋਕਾਂ ਨਾਲ ਬਦਸਲੂਕੀ ਕੀਤੀ। ਇਸ ਤੋਂ ਇਲਾਵਾ ਗੁਰਦੁਆਰੇ ਦੇ ਸੁਰੱਖਿਆ ਗਾਰਡਾਂ ਨਾਲ ਵੀ ਮਾਰਕੁੱਟ ਕੀਤੀ ਗਈ।
ਤਾਲਿਬਾਨ ਨੇ ਪੂਰੇ ਕੰਪਲੈਕਸ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਉਹ ਇੱਥੇ ਕਮਿਊਨਿਟੀ ਸਕੂਲ ਪਹੁੰਚੇ ਜੋ ਕਿ ਕੈਂਪਸ ਦੇ ਬਾਹਰਵਾਰ ਮੌਜੂਦ ਹੈ। ਇੱਥੇ ਵੀ ਤਲਾਸ਼ੀ ਲਈ ਗਈ ਅਤੇ ਮੌਜੂਦ ਲੋਕਾਂ ਨਾਲ ਬਦਤਮੀਜ਼ੀ ਕੀਤੀ ਗਈ।
ਸਿੱਖ ਭਾਈਚਾਰੇ ਨੇ ਗੁਰਦੁਆਰੇ ਦੀ ਸੁਰੱਖਿਆ ਲਈ ਇੱਕ ਨਿੱਜੀ ਸੁਰੱਖਿਆ ਏਜੰਸੀ ਦੀ ਮਦਦ ਲਈ ਹੈ। ਜਦੋਂ ਤਾਲਿਬਾਨੀ ਇੱਥੇ ਪਹੁੰਚੇ ਤਾਂ ਗਾਰਡਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੇ ਜਵਾਬ ਵਿੱਚ ਤਾਲਿਬਾਨੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਸੁਰੱਖਿਆ ਗਾਰਡਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ।
ਗੁਰਦੁਆਰਾ ਅਤੇ ਸਕੂਲ ਦੀ ਤਲਾਸ਼ੀ ਲੈਣ ਤੋਂ ਬਾਅਦ ਅੱਤਵਾਦੀ ਸਾਬਕਾ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਦੇ ਘਰ ਪਹੁੰਚ ਗਏ। ਖਾਲਸਾ ਦਾ ਘਰ ਵੀ ਗੁਰਦੁਆਰੇ ਤੋਂ ਕੁਝ ਦੂਰੀ ‘ਤੇ ਹੈ। ਉਸ ਦੇ ਘਰ ਦੀ ਵੀ ਤਲਾਸ਼ੀ ਲਈ ਗਈ। 15 ਅਗਸਤ ਨੂੰ ਕਾਬੁਲ ਉੱਤੇ ਕਬਜ਼ਾ ਹੋਣ ਤੋਂ ਬਾਅਦ ਨਰਿੰਦਰ ਪਰਿਵਾਰ ਦੇ ਨਾਲ ਭਾਰਤ ਆਏ ਸਨ। ਤਾਲਿਬਾਨ ਦੀ ਇਸ ਹਰਕਤ ‘ਤੇ ਸਿੱਖ ਭਾਈਚਾਰਾ ਨਾਰਾਜ਼ ਹੈ। ਉਨ੍ਹਾਂ ਦੇ ਨਾਲ ਕੁਝ ਹਿੰਦੂ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ। ਹੁਣ ਤੱਕ ਤਾਲਿਬਾਨ ਵੱਲੋਂ ਇਸ ਸਬੰਧ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ 10 ਦਿਨ ਪਹਿਲਾਂ ਵੀ ਤਾਲਿਬਾਨੀਆਂ ਵੱਲੋਂ 5 ਅਕਤੂਬਰ ਨੂੰ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰੇ ਵਿੱਚ ਵੀ ਅਜਿਹੀ ਹਰਕਤ ਕੀਤੀ ਗਈ ਸੀ।