ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਤੇ ਅਮਰੀਕਾ ਦੇ ਰਿਸ਼ਤਿਆਂ ‘ਚ ਦੂਰੀ ਦਾ ਅਸਲੀ ਕਾਰਨ ਅਫ਼ਗਾਨਿਸਤਾਨ ਨਹੀਂ ਹੈ। ਪਾਕਿਸਤਾਨ ਵੱਲੋਂ ਜਾਰੀ ਇਕ ਤਾਜ਼ਾ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਹੋਈ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ‘ਚ ਪਾਕਿਸਤਾਨ ਵਲੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੱਖ ਲਏ ਜਾਣ ਕਾਰਨ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਮਨ ਖੱਟਾ ਹੋ ਗਿਆ ਹੈ।
ਅਸਲ ‘ਚ ਪਾਕਿਸਤਾਨ ਦੇ ਸਾਬਕਾ ਗ੍ਹਿ ਮੰਤਰੀ ਅਬਦੁੱਲ ਰਹਿਮਾਨ ਮਲਿਕ ਨੇ ਦਿ ਨਿਊਜ਼ ਇੰਟਰਨੈਸ਼ਨਲ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣ ਦੌਰਾਨ ਇਕ ਪਾਕਿਸਤਾਨੀ ਸਨਅਤਕਾਰ ਨੇ ਪਾਕਿਸਤਾਨੀ ਦੂਤਘਰ ਦੀ ਵਰਤੋਂ ਟਰੰਪ ਦੇ ਚੋਣ ਦਫ਼ਤਰ ਵਜੋਂ ਕੀਤੀ ਸੀ। ਜਦੋਂ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਨਾਰਾਜ਼ ਹੋ ਗਏ।
ਮਲਿਕ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸਲਾਹ ਦਿੱਤੀ ਸੀ ਕਿ ਉਹ ਇਸ ਮਾਮਲੇ ‘ਚ ਆਪਣੀ ਸਥਿਤੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਸਪੱਸ਼ਟ ਕਰ ਦੇਣ। ਸਾਬਕਾ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਹਾਲੇ ਤਕ ਦੋਵੇਂ ਦੇਸ਼ਾਂ ‘ਚ ਬਰਫ ਨਹੀਂ ਪਿਘਲੀ, ਨਹੀਂ ਤਾਂ ਬਾਇਡਨ ਨੇ ਇਮਰਾਨ ਨਾਲ ਹੁਣ ਤਕ ਗੱਲ ਕਰ ਲਈ ਹੁੰਦੀ।
ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਹਾਲ ਹੀ ‘ਚ ਪਾਕਿਸਤਾਨ ਦੀ ਯਾਤਰਾ ਕੀਤੀ ਸੀ। ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਬਾਰੇ ਹੋਣ ਵਾਲੀ ਗੱਲ ਸਿਰਫ਼ ਇਸੇ ਮੁੱਦੇ ਤਕ ਸੀਮਤ ਰਹੀ ਸੀ। ਹਾਲਾਂਕਿ ਮੀਡੀਆ ਰਿਪੋਰਟ ਮੁਤਾਬਕ ਦੋਵੇਂ ਦੇਸ਼ਾਂ ‘ਚ ਸਬੰਧਾਂ ‘ਚ ਰੇੜਕੇ ਦੇ ਬਾਵਜੂਦ ਬਾਇਡਨ ਪ੍ਰਸ਼ਾਸਨ ਪਾਕਿਸਤਾਨ ਨਾਲ ਸੰਪਰਕ ਬਣਾ ਕੇ ਰੱਖੇਗਾ।