ਲੁਧਿਆਣਾ : ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੂੰ ਬੀਤੀ ਸ਼ਾਮ ਉਸ ਸਮੇਂ ਸਦਮਾ ਲੱਗਾ ਜਦੋਂ ਪਾਕਿਸਤਾਨ ਤੋਂ ਮਨਸੂਹ ਖ਼ਬਰ ਆਈ ਕਿ ਖ਼ਾਨਦਾਨ ਦੀ ਆਖਰੀ ਨਿਸ਼ਾਨੀ ਲੁਧਿਆਣਾ ਦੀ ਮਿੱਟੀ ਨਾਲ ਜਾਨ ਤੋਂ ਮੋਹ ਕਰਨ ਵਾਲੇ ਉਨ੍ਹਾਂ ਦੇ ਚਾਚਾ ਮੁਫਤੀ ਸ਼ਬੀਰ ਲੁਧਿਆਣਵੀ ਦਾ ਰਹੀਮਯਾਰ ਖ਼ਾਨ ਸ਼ਹਿਰ ਵਿਚ ਦੇਹਾਂਤ ਹੋ ਗਿਆ। ਸ਼ਬੀਰ ਅਹਿਮਦ ਲੁਧਿਆਣਵੀ ਦਾ ਜਨਮ ਲੁਧਿਆਣਾ ਵਿਚ 1935 ‘ਚ ਹੋਇਆ ਸੀ, ਵੰਡ ਦੇ ਸਮੇਂ ਉਹ ਪਾਕਿਸਤਾਨ ਚਲੇ ਗਏ ਸਨ।
ਇੱਥੇ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਦਫਤਰ ਵਿਚ ਕੁਰਾਨ ਸ਼ਰੀਫ ਪੜ੍ਹ ਕੇ ਉਨ੍ਹਾਂ ਲਈ ਦੁਆ ਕੀਤੀ ਗਈ।ਇਸ ਮੌਕੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਮੁਹੰਮਦ ਮੁਸਤਕੀਮ ਅਹਿਰਾਰ, ਗ਼ੁਲਾਮ ਹਸਨ ਕੇਸਰ, ਮੌਲਾਨਾ ਸੁਲੇਮਾਨ, ਕਾਰੀ ਮੁਹੰਮਦ ਮੋਹਤਰਮ, ਮੁਫਤੀ ਜਮਾਲੂਦੀਨ ਨੇ ਖਿਰਾਜ -ਏ-ਅਕੀਦਤ (ਸ਼ਰਧਾਂਜਲੀ) ਪੇਸ਼ ਕੀਤੀ।
ਮੁਫਤੀ ਸ਼ਬੀਰ ਲੁਧਿਆਣਵੀ ਨੂੰ ਯਾਦ ਕਰਦਿਆਂ ਹੋਇਆਂ ਸ਼ਾਹੀ ਇਮਾਮ ਪੰਜਾਬ ਨੇ ਕਿਹਾ, ”ਉਨ੍ਹਾਂ ਦੀ ਆਖਰੀ ਖਵਾਹਿਸ਼ ਸੀ ਕਿ ਲੁਧਿਆਣਾ ਦੀ ਮਿੱਟੀ ਵਿਚ ਦਫ਼ਨਾਇਆ ਜਾਂਦਾ, ਜੋ ਪੂਰੀ ਨਹੀਂ ਹੋ ਸਕੀ। ਮੁਫਤੀ ਸ਼ਬੀਰ ਲੁਧਿਆਣਵੀ ਦੇ ਚਲੇ ਜਾਣ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ”।
ਲੁਧਿਆਣਾ ਨਾਲ ਉਨ੍ਹਾਂ ਨੂੰ ਇਸ ਕਦਰ ਪਿਆਰ ਸੀ ਕਿ 2017 ਵਿਚ ਜਦੋਂ ਆਪਣੇ ਸ਼ਹਿਰ ਲੁਧਿਆਣਾ ਪੁੱਜੇ ਤਾਂ ਗਲੀ-ਮੁਹੱਲਿਆਂ ਵਿਚ ਕਈ ਦਿਨ ਪੈਦਲ ਘੁੰਮਦੇ ਰਹੇ ਸਨ।