ਸ਼ਾਹਜਹਾਨਪੁਰ : ਵੀਰਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਜ਼ਿਲੇ ਵਿਚ ਹੁਲਾਸਨਗਰਾ ਰੇਲਵੇ ਕਰਾਸਿੰਗ (Railway Crossing) ‘ਤੇ ਗੇਟਮੈਨ ਦੀ ਲਾਪਰਵਾਹੀ ਕਾਰਨ ਇਕ ਵੱਡਾ ਹਾਦਸਾ ਵਾਪਰਿਆ। ਚੰਡੀਗੜ੍ਹ ਤੋਂ ਲਖਨਊ ਜਾ ਰਹੀ ਚੰਡੀਗੜ੍ਹ-ਲਖਨਊ ਐਕਸਪ੍ਰੈਸ ਦਾ ਕਰਾਸਿੰਗ ਤੱਕ ਪਹੁੰਚਣ ਤੱਕ ਗੇਟ ਬੰਦ ਨਹੀਂ ਹੋ ਸਕਿਆ, ਜਿਸ ਕਾਰਨ ਤੇਜ਼ ਰਫਤਾਰ ਰੇਲ ਗੱਡੀ ਨੇ ਟਰੱਕ, ਡੀ.ਸੀ.ਐਮ., ਟ੍ਰੇਲਰ ਅਤੇ ਦੋ ਬਾਈਕ ਨੂੰ ਕਰਾਸਿੰਗ ਤੋਂ ਲੰਘਦਿਆਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਕੁਝ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਰੇਲਗੱਡੀ ਵੀ ਪਲਟ ਗਈ।
ਥਾਣਾ ਕਟੜਾ ਦੇ ਹੁਲਾਸਨਗਰਾ ਕਰਾਸਿੰਗ ਵਿਖੇ ਤਾਇਨਾਤ ਗੇਟਮੈਨ ਜਤਿੰਦਰ ਯਾਦਵ ਨੂੰ ਸਵੇਰੇ 5.6 ਵਜੇ ਸੂਚਿਤ ਕੀਤਾ ਗਿਆ ਕਿ ਚੰਡੀਗੜ੍ਹ-ਲਖਨਊ ਐਕਸਪ੍ਰੈਸ ਤਿੰਨ ਮਿੰਟ ਬਾਅਦ ਉੱਥੋਂ ਲੰਘੇਗੀ। ਉਸ ਸਮੇਂ ਵਾਹਨ ਕਰਾਸਿੰਗ ਤੋਂ ਲੰਘ ਰਹੇ ਸਨ। ਰੇਲਗੱਡੀ ਆਪਣੇ ਨਿਰਧਾਰਤ ਸਮੇਂ ‘ਤੇ ਉਥੇ ਪਹੁੰਚ ਗਈ, ਪਰ ਦੋਸ਼ ਹੈ ਕਿ ਜਤਿੰਦਰ ਫਾਟਕ ਬੰਦ ਨਹੀਂ ਕਰ ਸਕਿਆ। ਰੇਲਵੇ ਡਰਾਈਵਰ ਨੇ ਐਮਰਜੈਂਸੀ ਬਰੇਕ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਤੱਕ ਰੇਲਗੱਡੀ ਨੇ ਕਰਾਸਿੰਗ ਤੋਂ ਗੁਜਰ ਰਹੇ ਵਾਹਨਾਂ ਨੂੰ ਇੱਕ ਤੋਂ ਬਆਦ ਇੱਕ ਟੱਕਰ ਮਾਰਦੇ ਹੋਏ ਕੁੱਝ ਦੇਰ ਅੱਗੇ ਜਾ ਕੇ ਰੁਕੀ।
ਘਟਨਾ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਪੁਲਿਸ ਅਤੇ ਆਰਪੀਐਫ ਟੀਮਾਂ ਮੌਕੇ ‘ਤੇ ਪਹੁੰਚੀਆਂ। ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾਣ ਲੱਗਾ। ਸੀਓ ਤਿਲਹਰ ਪਰਮਾਨੰਦ ਪਾਂਡੇ ਨੇ ਦੱਸਿਆ ਕਿ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋ ਜ਼ਖਮੀਆਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ।
ਸਾਰੇ ਮ੍ਰਿਤਕ ਇਕੋ ਪਰਿਵਾਰ ਨਾਲ ਸਬੰਧਤ ਹਨ
ਸ਼ਾਹਜਹਾਂਪੁਰ ਦੇ ਡੀਐਮ ਇੰਦਰ ਵਿਕਰਮ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਲਖਨਊ ਜਾ ਰਹੀ ਰੇਲਗੱਡੀ ਨੇ ਇੱਕ ਟਰੱਕ, ਸਾਈਕਲ ਅਤੇ ਡੀਸੀਐਮ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਟਰੱਕ ਵਿਚ ਸਵਾਰ ਇਕੋ ਪਰਿਵਾਰ ਨਾਲ ਸਬੰਧਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ ਜ਼ਖਮੀ ਇੱਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਟਰੈਕ ਨੂੰ ਸਾਫ਼ ਕੀਤਾ ਜਾ ਰਿਹਾ ਹੈ ਤਾਂ ਜੋ ਰੇਲ ਗੱਡੀਆਂ ਸੁਚਾਰੂ ਢੰਗ ਨਾਲ ਚੱਲ ਸਕਣ।