ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਗੌਤਮ ਬੁਧ ਨਗਰ ਵਿਚ ਰੀਮਡੇਸਿਵਿਰ ਇੰਜੈਕਸ਼ਨ (Remdesivir Injection) ਦੀ ਕਾਲਾ ਬਾਜ਼ਾਰੀ ‘ਤੇ ਨੋਇਡਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦਵਾਈ ਬਲੈਕ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਕੋਲੋਂ 105 ਟੀਕੇ ਅਤੇ ਡੇਢ ਲੱਖ ਰੁਪਏ ਨਕਦੀ ਬਰਾਮਦ ਕੀਤੀ ਹੈ। ਵਿਦੇਸ਼ੀ ਕੰਪਨੀਆਂ ਦੇ ਕਈ ਟੀਕੇ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਅਨੁਸਾਰ ਇਹ ਵਿਅਕਤੀ ਕੋਰੋਨਾ ਦੇ ਮਰੀਜ਼ਾਂ ਨੂੰ 80-80 ਹਜ਼ਾਰ ਰੁਪਏ ਵਿੱਚ ਟੀਕੇ ਵੇਚ ਰਿਹਾ ਸੀ। ਇਹ ਸਫਲਤਾ ਕ੍ਰਾਈਮ ਬ੍ਰਾਂਚ ਦੀ SWAT ਟੀਮ ਅਤੇ ਸੈਕਟਰ -20 ਥਾਣੇ ਦੀ ਸਾਂਝੀ ਕਾਰਵਾਈ ਵਿੱਚ ਮਿਲੀ ਹੈ।
ਇਸ ਦੌਰਾਨ ਗੌਤਮ ਬੁੱਧ ਨਗਰ ਟ੍ਰੈਫਿਕ ਪੁਲਿਸ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਇਸ ਦੇ ਤਹਿਤ ਟ੍ਰੈਫਿਕ ਪੁਲਿਸ ਲੋੜ ਪੈਣ ‘ਤੇ ਐਂਬੂਲੈਂਸ ਜਾਂ ਆਕਸੀਜਨ ਟੈਂਕਰ ਲਈ ਗ੍ਰੀਨ ਕੋਰੀਡੋਰ ਬਣਾਉਣ ਲਈ ਵੀ ਤਿਆਰ ਹੈ। ਟ੍ਰੈਫਿਕ ਪੁਲਿਸ ਨੇ ਹਫਤਾਵਾਰੀ ਲੌਕਡਾਊਨ ਸਮੇਂ ਦਵਾਈਆਂ ਆਦਿ ਦੀ ਸਹਾਇਤਾ ਲਈ 99 7100 9001 ਨੰਬਰ ਜਾਰੀ ਕੀਤਾ ਹੈ।
ਦੱਸ ਦਈਏ ਕਿ ਗੌਤਮ ਬੁੱਧ ਨਗਰ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ। ਪਿਛਲੇ 24 ਘੰਟਿਆਂ ਵਿੱਚ, 640 ਨਵੇਂ ਮਰੀਜ਼ ਆਏ, ਜਦੋਂ ਕਿ 8 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਨੇ ਦਵਾਈਆਂ ਦੀ ਕਾਲਾ ਬਾਜ਼ਾਰੀ ਰੋਕਣ ਲਈ ਨਿਰਦੇਸ਼ ਦਿੱਤੇ ਹਨ। ਕਾਲਾ ਬਾਜ਼ਾਰੀ ਵਿਰੁੱਧ ਸਖਤ ਕਾਰਵਾਈ ਕਰਨ ਨੂੰ ਵੀ ਕਿਹਾ। ਸੀਐਮ ਯੋਗੀ ਨੇ ਬੁੱਧਵਾਰ ਨੂੰ ਕਿਹਾ ਕਿ ਰੀਮਡੇਸਿਵਿਰ ਇੰਜੈਕਸ਼ਨ ਅਤੇ ਫੈਬੀਫਲੂ ਵਰਗੀਆਂ ਜਾਨਾਂ ਬਚਾਉਣ ਵਾਲੀਆਂ ਦਵਾਈਆਂ ਦੀ ਨਿਰੰਤਰ ਸਪਲਾਈ ਦੀ ਲਗਾਤਾਰ ਨਿਗਰਾਨੀ ਕਰਨਾ ਜ਼ਰੂਰੀ ਹੈ।