ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਵਿੱਚ ਕੋਰੋਨਾ (corona positive Patients) ਕਾਰਨ ਹਾਲਾਤ ਵਿਗੜ ਰਹੇ ਹਨ। ਇਸ ਦੌਰਾਨ ਸਰਕਾਰੀ ਅਣਦੇਖੀ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ। ਹਾਲਾਤ ਇਹ ਹਨ ਕਿ ਕਰੋਨਾ ਕਾਰਨ ਲਾਈਆਂ ਜਾ ਰਹੀਆਂ ਸਖਤ ਪਾਬੰਦੀਆਂ ਕਾਰਨ ਹੋਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਹਨ।
ਅਜਿਹੀ ਹੀ ਇਕ ਦਿਲ ਕੰਬਾਊ ਘਟਨਾ ਵਾਰਾਣਸੀ ਵਿਚ ਵਾਪਰੀ ਹੈ ਜਿਥੇ ਇਲਾਜ ਲਈ ਤੜਪ ਰਹੇ ਇਕ ਨੌਜਵਾਨ ਈ-ਰਿਕਸ਼ਾ ਵਿਚ ਹੀ ਪਏ-ਪਏ ਮੌਤ ਹੋ ਗਈ। ਇਸ ਨੌਜਵਾਨ ਦੀ ਮਾਂ ਆਪਣੇ ਪੁੱਤ ਦੇ ਇਲਾਜ ਲਈ ਚੱਕਰ ਕੱਟਦੀ ਰਹੀ ਤੇ ਆਖਰ ਉਸ ਨੇ ਈ-ਰਿਕਸ਼ਾ ਵਿਚ ਹੀ ਮਾਂ ਦੇ ਕਦਮਾਂ ਵਿਚ ਦਮ ਤੋੜ ਦਿੱਤਾ।
ਇਹ ਦੁਖਦਾਈ ਕਹਾਣੀ ਉਸ ਨੌਜਵਾਨ ਦੀ ਹੈ ਜੋ ਆਪਣੀ ਮਾਂ ਦੇ ਨਾਲ, ਇਕ ਈ-ਰਿਕਸ਼ਾ ‘ਤੇ ਬੈਠ ਕੇ ਧਰਮ ਨਗਰੀ ਕਾਸ਼ੀ ਦੇ ਹਸਪਤਾਲਾਂ ਵਿਚ ਘੁੰਮਦਾ ਘੁੰਮਦਾ ਰਿਹਾ। ਇਸ ਉਮੀਦ ਨਾਲ ਕਿ ਕੋਈ ਡਾਕਟਰ ਉਸ ਨੂੰ ਤਰਸ ਦੇ ਆਧਾਰ ਉਤੇ ਵੇਖੇਗਾ। ਬੇਵੱਸ ਮਾਂ ਨੇ ਆਪਣੇ ਬੇਟੇ ਨੂੰ ਇਕ ਈ-ਰਿਕਸ਼ਾ ਵਿਚ ਬਿਠਾਇਆ ਅਤੇ ਹਸਪਤਾਲਾਂ ਦੇ ਚੱਕਰ ਲਾਉਂਦੀ ਰਹੀ, ਪਰ ਅਫ਼ਸੋਸ ਨਾ ਤਾਂ ਡਾਕਟਰਾਂ ਨੂੰ ਤਰਸ ਆਇਆ ਅਤੇ ਨਾ ਹੀ ਕਿਸੇ ਸਰਕਾਰੀ ਅਧਿਕਾਰੀ ਨੇ ਉਸ ਦੀ ਬਾਂਹ ਫੜੀ। ਇਸ ਮਾਂ ਦੇ ਪੈਰਾਂ ਵਿਚ ਉਸ ਦਾ ਪੁੱਤਰ ਦਮ ਤੋੜ ਗਿਆ।
ਜੌਨਪੁਰ ਦੇ ਮਦੀਹੂ ਦੇ ਰਹਿਣ ਵਾਲਾ ਵਿਨੀਤ ਸਿੰਘ ਸਰਕਾਰ ਦੀ ਅਣਦੇਖੀ ਕਾਰਨ ਦੁਨੀਆਂ ਛੱਡ ਗਿਆ। ਵਿਨੀਤ ਸਿੰਘ ਮੁੰਬਈ ਵਿੱਚ ਕੰਮ ਕਰਦਾ ਸੀ। ਪਿਛਲੇ ਸਾਲ ਦਸੰਬਰ ਵਿਚ ਉਹ ਵਿਆਹ ਦੇ ਸਿਲਸਿਲੇ ਵਿਚ ਜੌਨਪੁਰ ਆਇਆ ਸੀ। ਇਸ ਤੋਂ ਬਾਅਦ ਉਹ ਇਥੇ ਹੀ ਰੁਕ ਗਿਆ ਕਿਉਂਕਿ ਉਸ ਨੂੰ ਕੁਝ ਸਿਹਤ ਸਮੱਸਿਆਵਾਂ ਸਨ। ਜਦੋਂ ਉਸ ਨੂੰ ਜੌਨਪੁਰ ਵਿੱਚ ਇੱਕ ਡਾਕਟਰ ਨੇ ਵੇਖਿਆ, ਉਸ ਨੇ ਦੱਸਿਆ ਕਿ ਗੁਰਦੇ ਵਿੱਚ ਸਮੱਸਿਆ ਹੈ।
ਇਸ ਤੋਂ ਬਾਅਦ ਉਹ ਕਈ ਵਾਰ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਡਾਕਟਰ ਨੂੰ ਦਿਖਾਉਣ ਆਇਆ। ਸੋਮਵਾਰ ਨੂੰ ਸਮੱਸਿਆ ਵਧ ਗਈ ਤੇ ਉਹ ਆਪਣੀ ਮਾਂ ਦੇ ਨਾਲ ਬੀਐਚਯੂ ਪਹੁੰਚਿਆ, ਪਰ ਕੋਰੋਨਾ ਕਾਰਨ ਕਿਸੇ ਵੀ ਡਾਕਟਰ ਨੇ ਉਸ ਨੂੰ ਨਹੀਂ ਵੇਖਿਆ।
ਇਸ ਤੋਂ ਬਾਅਦ ਆਪਣੀ ਮਾਂ ਚੰਦਰਕਲਾ ਸਿੰਘ ਨਾਲ ਉਹ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਭਟਕਦਾ ਰਿਹਾ। ਈ-ਰਿਕਸ਼ਾ ‘ਤੇ ਪਿਆ ਰਿਹਾ ਪਰ ਕਿਸੇ ਡਾਕਟਰ ਨੇ ਉਸ ਨੂੰ ਨਹੀਂ ਵੇਖਿਆ। ਮਾਂ ਉਸ ਨੂੰ ਕਕਰਮੱਟਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਵੀ ਲੈ ਗਈ, ਪਰ ਉਸ ਨੂੰ ਉਥੇ ਦਾਖਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਵਿਨੀਤ ਸਿੰਘ ਨੇ ਸੜਕ ਉਤੇ ਆਪਣੀ ਮਾਂ ਚੰਦਰਕਲਾ ਸਿੰਘ ਦੇ ਪੈਰਾਂ ਵਿਚ ਹੀ ਦਮ ਤੋੜ ਦਿੱਤਾ।