ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਸਨਅਤ ਜਗਤ ਨੂੰ ਭਰੋਸਾ ਦਿੱਤਾ ਕਿ ਦੇਸ਼ ਪੱਧਰੀ ਲਾਕਡਾਊਨ ਨਹੀਂ ਲਗਾਇਆ ਜਾਵੇਗਾ। ਕੋਰੋਨਾ ਦੀ ਦੂਜੀ ਲਹਿਰ ‘ਚ ਲਗਾਤਾਰ ਵਧਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਦੇਸ਼ ਭਰ ‘ਚ ਲਾਕਡਾਊਨ ਲਗਾਏ ਜਾਣ ਦੀਆਂ ਕਿਆਸ ਅਰਾਈਆਂ ਲੱਗ ਰਹੀਆਂ ਹਨ। ਇਸ ਹਾਲਤ ‘ਚ ਬੇਯਕੀਨੀ ਵਧਣ ਨਾਲ ਕਾਮਿਆਂ ਦੀ ਹਿਜਰਤ ਦਾ ਖ਼ਦਸ਼ਾ ਡੂੰਘਾ ਹੁੰਦਾ ਜਾ ਰਿਹਾ ਹੈ।
ਫੈਡਰੇਸ਼ਨ ਆਫ ਇੰਡੀਅਨ ਸਮਾਲ ਮੀਡੀਅਮ ਇੰਟਰਪ੍ਰਰਾਈਜ਼ਿਜ (ਫਿਸਮੇ) ਦੇ ਮੁਖੀ ਅਨਿਮੇਸ਼ ਸਕਸੈਨਾ ਨੇ ਦੱਸਿਆ ਕਿ ਫੋਨ ‘ਤੇ ਗੱਲਬਾਤ ‘ਚ ਵਿੱਤ ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਪੱਧਰ ‘ਤੇ ਲਾਕਡਾਊਨ ਲਗਾਉਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਛੋਟੇ ਕੰਟੇਨਮੈਂਟ ਜ਼ੋਨ ਬਣਾਏ ਜਾਣਗੇ। ਵਿੱਤ ਮੰਤਰੀ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਤੇ ਗ੍ਹਿ ਮੰਤਰੀ ਸਾਰੇ ਸੂਬਿਆਂ ਨਾਲ ਲਗਾਤਾਰ ਸੰਪਰਕ ਕਰ ਕੇ ਹਾਲਾਤ ਦੀ ਨਿਗਰਾਨੀ ਕਰ ਰਹੇ ਹਨ। ਸੂਬਿਆਂ ‘ਚ ਆਕਸੀਜਨ ਤੋਂ ਲੈ ਕੇ ਹੋਰ ਦਵਾਈਆਂ ਆਦਿ ਦੀ ਉਪਲਬਧਤਾ ਯਕੀਨੀ ਬਣਾਈ ਜਾ ਰਹੀ ਹੈ। ਸੀਤਾਰਮਨ ਨੇ ਐÎਮਐੱਸਐੱਮਈ ਦੀਆਂ ਹੋਰ ਚਿੰਤਾਵਾਂ ਬਾਰੇ ਵੀ ਸਕਸੈਨਾ ਨੇ ਜਾਣਕਾਰੀ ਮੰਗੀ। ਫਿਸਮੇ ਵੱਲੋਂ ਦੱਸਿਆ ਗਿਆ ਕਿ ਅਗਲੇ ਬੁੱਧਵਾਰ ਨੂੰ ਐੱਮਐੱਸਐੱਮਈ ਦੇ ਹੋਰ ਐਸੋਸੀਏਸ਼ਨ ਨਾਲ ਬੈਠਕ ਕੀਤੀ ਜਾਵੇਗੀ। ਉਸ ਤੋਂ ਬਾਅਦ ਵਿੱਤ ਮੰਤਰੀ ਨੂੰ ਐੱਮਐੱਸਐੱਮਈ ਦੀਆਂ ਹੋਰ ਚੁਣੌਤੀਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ।
ਪਿਛਲੇ ਹਫ਼ਤੇ ਸਨਅਤ ਸੰਗਠਨ ਫਿੱਕੀ ਨੇ ਵੀ ਸਰਕਾਰ ਨੂੰ ਦੇਸ਼ ਪੱਧਰੀ ਲਾਕਡਾਊਨ ਨਾ ਲਗਾਉਣ ਦੀ ਗੁਜ਼ਾਰਿਸ਼ ਕੀਤੀ ਸੀ। ਸਨਅਤੀ ਸੰਗਠਨਾਂ ਦਾ ਕਹਿਣਾ ਹੈ ਕਿ ਦੇਸ਼ ਭਰ ‘ਚ ਇਕੱਠੇ ਲਾਕਡਾਊਨ ਲੱਗਣ ਨਾਲ ਸਪਲਾਈ ਚੇਨ ਫਿਰ ਤੋਂ ਰੁਕ ਜਾਵੇਗੀ ਤੇ ਮਹੀਨਾਵਾਰ ਤਨਖ਼ਾਹ ਭੋਗੀ ਕਾਮੇ ਹਿਜਰਤ ਕਰ ਜਾਣਗੇ। ਫੈਲਦੇ ਕੋਰੋਨਾ ਕਾਰਨ ਮਹਾਰਾਸ਼ਟਰ ‘ਚ ਮਿਨੀ ਲਾਕਡਾਊਨ ਪਹਿਲਾਂ ਹੀ ਚੱਲ ਰਿਹਾ ਹੈ। ਦਿੱਲੀ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ‘ਚ ਅੰਸ਼ਕ ਜਾਂ ਵੀਕੈਂਡ ਲਾਕਡਾਊਨ ਲਗਾਏ ਜਾ ਰਹੇ ਹਨ। ਦੇਸ਼ ਪੱਧਰੀ ਲਾਕਡਾਊਨ ਲਗਾਉਣ ਨਾਲ ਅਰਥਵਿਵਸਥਾ ਦੀ ਰਿਕਵਰੀ ਨੂੰ ਝਟਕਾ ਲੱਗ ਸਕਦਾ ਹੈ।