ਨਵੀਂ ਦਿੱਲੀ –ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਏਮਜ਼ ’ਚ ਬਾਈਪਾਸ ਦੀ ਸਰਜਰੀ ਹੋਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਿੱਲੀ ਏਮਜ਼ ਵਿਚ ਮੰਗਲਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਫਲ ਬਾਈਪਾਸ ਸਰਜਰੀ ਕੀਤੀ ਗਈ। ਰਾਜਨਾਥ ਨੇ ਇਸ ਲਈ ਏਮਜ਼ ਦੇ ਡਾਕਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਰਾਸ਼ਟਰਪਤੀ ਕੋਵਿੰਦ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕੀਤੀ।
ਰਾਜਨਾਥ ਸਿੰਘ ਨੇ ਸਫਲ ਆਪ੍ਰੇਸ਼ਨ ਲਈ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੂੰ ਨਿਰਦੇਸ਼ ਦਿੱਤੇ ਕਿ ਉਹ ਰਾਸ਼ਟਰਪਤੀ ਕੋਵਿੰਦ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰਦੇ ਰਹਿਣ। 27 ਮਾਰਚ ਨੂੰ ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਏਮਜ਼ ਲਿਜਾਇਆ ਗਿਆ, ਜਿਥੇ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਬਾਈਪਾਸ ਸਰਜਰੀ ਕਰਾਉਣ ਦੀ ਸਲਾਹ ਦਿੱਤੀ ਸੀ।ਦੱਸ ਦੇਈਏ ਕਿ 26 ਮਾਰਚ ਨੂੰ ਸੀਨੇ ਵਿਚ ਦਰਦ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਆਰਮੀ ਹਸਪਤਾਲ ‘ਚ ਰੂਟੀਨ ਚੈਕਅਪ ਲਈ ਲਿਜਾਇਆ ਗਿਆ ਅਤੇ ਬਾਅਦ ਵਿਚ ਏਮਜ਼ ‘ਚ ਦਾਖ਼ਲ ਕੀਤਾ ਗਿਆ ਸੀ।
ਕੀ ਹੁੰਦੀ ਹੈ ਬਾਈਪਾਸ ਸਰਜਰੀ-
ਜਦੋਂ ਦਿਲ ਦੀਆਂ ਨਸਾਂ ਬਲਾਕ ਹੋ ਜਾਂਦੀਆਂ ਹਨ ਤਾਂ ਬਾਈਪਾਸ ਸਰਜਰੀ ਕੀਤੀ ਜਾਂਦੀ ਹੈ। ਬਾਈਪਾਸ ਸਰਜਰੀ ਵਿਚ ਛਾਤੀ ‘ਚ ਚੀਰਾ ਲਾ ਕੇ ਅੰਦਰੋਂ ਇਕ ਧਮਨੀ ਜਿਸ ਨੂੰ ‘ਇੰਟਰਨਲ ਥੋਰੇਸਿਕ ਆਰਟਰੀ’ ਕਹਿੰਦੇ ਹਨ, ਉਸ ਦਾ ਆਪਰੇਸ਼ਾਨ ਕੀਤਾ ਜਾਂਦਾ ਹੈ। ਇਸ ਵਿਚ ਹੱਥ ਜਾਂ ਪੈਰ ਦੀ ਨਸ ਲੈਂਦੇ ਹਨ ਅਤੇ ਇਸ ਦਾ ਇਸਤੇਮਾਲ ਵਾਹਕ ਨਲੀ ਦੇ ਤੌਰ ‘ਤੇ ਕਰਦੇ ਹਨ। ਇਹ ਉਦੋਂ ਹੀ ਕੀਤਾ ਜਾਂਦਾ ਹੈ, ਜਦੋਂ ਦਿਲ ਦੀਆਂ ਤਿੰਨੋਂ ਮੁੱਖ ਧਮਨੀਆਂ ਵਿਚ ਸਮੱਸਿਆ ਹੁੰਦੀ ਹੈ। ਇਸ ਨੂੰ ਬਾਈਪਾਸ ਸਰਜਰੀ ਇਸ ਲਈ ਆਖਦੇ ਹਨ, ਕਿਉਂਕਿ ਜਿੱਥੇ ਬਲਾਕੇਜ ਹੁੰਦੀ ਹੈ, ਉਸ ਨੂੰ ਅੱਗੇ ਬਾਈਪਾਸ ਨਲੀ ਜ਼ਰੀਏ ਦਿਲ ਦੀਆਂ ਮਾਸਪੇਸ਼ੀਆਂ ਵਿਚ ਖੂਨ ਦਾ ਪ੍ਰਵਾਹ ਕਰਵਾਇਆ ਜਾਂਦਾ ਹੈ।