ਸ਼ਾਰਲਟਟਾਊਨ : ਪ੍ਰਿੰਸ ਐਡਵਰਡ ਆਈਲੈਂਡ (ਪੀਈਆਈ) ਦੇ ਵੋਟਰਜ਼ ਨੇ ਆਪਣੇ ਸਦੀ ਪੁਰਾਣੇ ਦੋ ਪਾਰਟੀ ਸਿਸਟਮ ਨੂੰ ਆਖਿਰਕਾਰ ਵਿਦਾਅ ਕਰ ਹੀ ਦਿੱਤਾ। ਪੀਈਆਈ ਦੇ ਵੋਟਰਾਂ ਨੇ ਘੱਟ ਗਿਣਤੀ ਟੋਰੀ ਸਰਕਾਰ ਨੂੰ ਚੁਣਿਆ ਹੈ ਤੇ ਪਹਿਲੀ ਵਾਰੀ ਮੁੱਖ ਵਿਰੋਧੀ ਧਿਰ ਦਾ ਦਰਜਾ ਗ੍ਰੀਨ ਪਾਰਟੀ ਦੇ ਅਧਿਕਾਰੀਆਂ ਨੂੰ ਮਿਲਿਆ ਹੈ।
ਟੋਰੀਜ਼ ਨੂੰ 12 ਸੀਟਾਂ ਉੱਤੇ ਜਿੱਤ ਹਾਸਲ ਹੋਈ ਹੈ ਜਦਕਿ ਗ੍ਰੀਨ ਪਾਰਟੀ ਅੱਠ ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ। ਪ੍ਰੀਮੀਅਰ ਵੇਡ ਮੈਕਲਾਕਲੈਨ ਦੀ ਅਗਵਾਈ ਵਿੱਚ ਲਿਬਰਲਾਂ ਨੂੰ ਸਿਰਫ ਛੇ ਸੀਟਾਂ ਹੀ ਮਿਲ ਸਕੀਆਂ ਹਨ। ਟੋਰੀ ਆਗੂ ਡੈਨਿਸ ਕਿੰਗ ਨੇ ਨਤੀਜੇ ਆਉਣ ਤੋਂ ਬਾਅਦ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਨਵੇਂ ਦਿਨ ਵਿੱਚ ਸੱਭਨਾਂ ਦਾ ਸਵਾਗਤ ਹੈ। ਆਈਲੈਂਡ ਸਿਆਸਤ ਦੇ ਨਵੇਂ ਯੁੱਗ ਵਿੱਚ ਸੱਭ ਦਾ ਸਵਾਗਤ ਹੈ। ਸਾਨੂੰ ਇਹ ਮਾਣ ਬਖਸ਼ਣ ਤੇ ਇਹ ਜਿ਼ੰਮੇਵਾਰੀ ਦੇਣ ਲਈ ਸੱਭ ਦਾ ਬਹੁਤ ਬਹੁਤ ਧੰਨਵਾਦ।
ਕਿੰਗ ਨੇ ਗ੍ਰੀਨਜ਼ ਦੀ ਚੜ੍ਹਤ ਨੂੰ ਵੇਖਦਿਆਂ ਆਖਿਆ ਕਿ ਇਨ੍ਹਾਂ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਆਈਲੈਂਡ ਦੇ ਵੋਟਰ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਸਿਆਸੀ ਪਾਰਟੀਆਂ ਰਲ ਕੇ ਕੰਮ ਕਰਨ। ਬ੍ਰੈਕਲੇ-ਹੰਟਰ ਰਿਵਰ ਦੇ ਆਪਣੇ ਹਲਕੇ ਤੋਂ ਜਿੱਤ ਦਰਜ ਕਰਵਾਉਣ ਤੋਂ ਬਾਅਦ ਕਿੰਗ ਨੇ ਸਵੀਕਾਰ ਕੀਤਾ ਕਿ ਉਹ ਆਪਣੀ ਪਾਰਟੀ ਦੀ ਜਿੱਤ ਤੋਂ ਬਹੁਤ ਖੁਸ਼ ਹਨ। ਟੋਰੀਜ਼ ਨੂੰ 37 ਫੀ ਸਦੀ ਵੋਟਾਂ ਹਾਸਲ ਹੋਈਆਂ, ਗ੍ਰੀਨਜ਼ ਨੂੰ 31 ਫੀ ਸਦੀ ਤੇ ਲਿਬਰਲਾਂ ਨੂੰ 29 ਫੀ ਸਦੀ ਵੋਟਾਂ ਹਾਸਲ ਹੋਈਆਂ। ਐਨਡੀਪੀ ਸਿਰਫ ਤਿੰਨ ਫੀ ਸਦੀ ਵੋਟਾਂ ਹੀ ਹਾਸਲ ਕਰ ਸਕੀ।
April 25, 2019 by admin
ਪੀਈਆਈ ਦੇ ਵੋਟਰਾਂ ਨੇ ਪੀਸੀ ਪਾਰਟੀ ਦੇ ਹੱਕ ਵਿੱਚ ਦਿੱਤਾ ਫਤਵਾ
More in Breaking news
- Driving Naari Programme launched in Chandigarh September 25, 2024
- Punjab farmers reaping benefits of Mann Government’s crop diversification initiatives July 26, 2024
- Punjab and Kerala Join Hands to Address NRI Concerns July 26, 2024