ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦਾ ਮੁਕਾਬਲਾ ਹੁਣ ਅੰਮ੍ਰਿਤਸਰ ਤੋਂ ਮੌਜੂਦਾ ਐੱਮਪੀ ਅਤੇ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨਾਲ ਹੋਵੇਗਾ।
ਸ੍ਰੀ ਹਰਦੀਪ ਸਿੰਘ ਪੁਰੀ ਇਸ ਵੇਲੇ ਦੇਸ਼ ਦੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਹਨ ਪਰ ਉਨ੍ਹਾਂ ਕੋਲ ਇਸ ਮੰਤਰਾਲੇ ਦਾ ਆਜ਼ਾਦ ਚਾਰਜ ਹੈ ਭਾਵ ਉਹ ਆਪਣੇ ਤੋਂ ਉਤਾਂਹ ਕਿਸੇ ਹੋਰ ਮੰਤਰੀ ਨੂੰ ਰਿਪੋਰਟ ਨਹੀਂ ਕਰਦੇ।
ਸ੍ਰੀ ਪੁਰੀ 1974 ਬੈਚ ਦੇ ਆਈਐੱਫ਼ਐੱਸ (IFS – ਇੰਡੀਅਨ ਫ਼ਾਰੇਨ ਸਰਵਿਸ) ਅਧਿਕਾਰੀ ਹਨ। ਉਹ ਸਾਲ 2009 ਤੋਂ ਲੈ ਕੇ 2013 ਤੱਕ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਨ ਪ੍ਰਤੀਨਿਧ ਵੀ ਰਹਿ ਚੁੱਕੇ ਹਨ। ਪਹਿਲਾਂ ਉਹ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਦਹਿਸ਼ਤਗਰਦੀ ਵਿਰੋਧੀ ਕਮੇਟੀ ਦੇ ਚੇਅਰਮੈਨ ਵੀ ਰਹੇ ਹਨ।
ਇਸ ਤੋਂ ਇਲਾਵਾ ਉਹ ਇੰਟਰਨੈਸ਼ਨਲ ਪੀਸ ਇੰਸਟੀਚਿਊਟ (ਕੌਮਾਂਤਰੀ ਸ਼ਾਂਤੀ ਸੰਸਥਾਨ) ਦੇ ਪ੍ਰਧਾਨ ਤੇ ਨਿਊ ਯਾਰਕ ਵਿੱਚ ਬਹੁ–ਸਭਿਆਚਾਰਵਾਦ ਬਾਰੇ ਸੁਤੰਤਰ ਕਮਿਸ਼ਨ ਦੇ ਸਕੱਤਰ–ਜਨਰਲ ਵੀ ਰਹੇ ਹਨ।