Sun, 24 November , 2024 Home About Us Advertisement Contact Us
Breaking News

ਬੁਲਿੰਗ ਕਾਰਨ ਹੀ 9 ਸਾਲਾ ਸੀਰੀਆਈ ਰਫਿਊਜੀ ਬੱਚੀ ਨੇ ਕੀਤੀ ਸੀ ਖੁਦਕੁਸ਼ੀ?

ਕੈਲਗਰੀ : ਕੈਲਗਰੀ ਦੇ ਸਕੂਲ ਵਿੱਚ ਕਥਿਤ ਤੌਰ ਉੱਤੇ ਬੁਲਿੰਗ ਦਾ ਸਿ਼ਕਾਰ ਹੋਈ 9 ਸਾਲਾ ਕੁੜੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਤੂਲ ਫੜ੍ਹਨ ਲੱਗਿਆ ਹੈ। ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਤਫਸੀਲ ਨਾਲ ਵਿਚਾਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਅਮਲ ਅਲਸਤੇਵੀ, ਜਿਸ ਦੇ ਨਾਂ ਦਾ ਮਤਲਬ ਆਸ ਸੀ, ਨੇ ਮਾਰਚ ਵਿੱਚ ਖੁਦਕੁਸ਼ੀ ਕਰ ਲਈ ਸੀ। ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਚੀ ਨੂੰ ਬੁਲਿੰਗ ਦਾ ਸਿ਼ਕਾਰ ਹੋਣਾ ਪੈ ਰਿਹਾ ਸੀ। ਇਸ ਕਾਰਨ ਹੀ ਉਨ੍ਹਾਂ ਵੱਲੋਂ ਵਾਰੀ ਵਾਰੀ ਉਸ ਦੇ ਸਕੂਲ ਵੀ ਬਦਲੇ ਗਏ ਪਰ ਹੋਣੀ ਟਲੀ ਨਹੀਂ। ਆਰਿਫ ਅਲਸਤੇਵੀ ਤੇ ਨਸਰਾ ਅਬਦੁਲਰਹਿਮੀਨ ਨੇ ਦੁਭਾਸ਼ੀਏ ਦੀ ਮਦਦ ਨਾਲ ਦੱਸਿਆ ਕਿ ਉਨ੍ਹਾਂ ਆਪਣੀ ਬੱਚੀ ਦੀ ਅਧਿਆਪਕ ਨੂੰ ਵੀ ਇਸ ਬੁਲਿੰਗ ਬਾਰੇ ਦੱਸਿਆ ਸੀ ਪਰ ਸਕੂਲ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਕੁੱਝ ਨਹੀਂ ਕੀਤਾ ਗਿਆ।
ਅਮਲ ਦੀ ਮਾਂ ਨਸਰਾ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਬੱਚੀ ਨੂੰ ਸਕੂਲ ਵਿੱਚ ਦਿੱਕਤਾਂ ਆ ਰਹੀਆਂ ਹਨ ਤੇ ਉਸ ਦਾ ਮਨ ਸਕੂਲ ਜਾਣ ਤੋਂ ਹਟਣ ਲੱਗਿਆ ਸੀ ਤਾਂ ਉਸ ਨੇ ਆਪਣੇ ਦੂਜੇ ਬੱਚਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਵੀ ਦੱਸਿਆ ਕਿ ਉਹ ਸਕੂਲ ਵਿੱਚ ਖੁਸ਼ ਨਹੀਂ ਹਨ ਤਾਂ ਉਹ ਆਪ ਸਕੂਲ ਗਈ ਸੀ। ਫਿਰ ਉਨ੍ਹਾਂ ਦੋਵਾਂ ਜੀਆਂ ਨੇ ਅਮਲ ਨੂੰ ਦੂਜੇ ਸਕੂਲ ਪਾਉਣ ਦਾ ਫੈਸਲਾ ਕੀਤਾ। ਇਸ ਤੋਂ ਚਾਰ ਦਿਨ ਬਾਅਦ ਹੀ ਅਮਲ ਨੇ ਖੁਦਕੁਸ਼ੀ ਕਰ ਲਈ।
ਅਮਲ ਦੇ ਪਿਤਾ ਆਰਿਫ ਨੇ ਆਖਿਆ ਕਿ ਬੱਚੇ ਉਨ੍ਹਾਂ ਦੀ ਧੀ ਨਾਲ ਬੁਲਿੰਗ ਕਰ ਰਹੇ ਸਨ ਤੇ ਉਹ ਉਸ ਨੂੰ ਇਹ ਵੀ ਆਖਦੇ ਸਨ ਕਿ ਜਾਹ ਜਾ ਕੇ ਫਾਹਾ ਲੈ ਲਾ ਤੇ ਜਾਂ ਖੁਦਕੁਸ਼ੀ ਕਰ ਲੈ। ਅਮਲ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਬਾਕੀ ਬੱਚੇ ਤੇ ਹੋਰ ਰਫਿਊਜੀ ਬੱਚੇ ਬੇਵਕੂਫ ਤੇ ਬਦਸੂਰਤ ਆਖਦੇ ਸਨ। ਅਮਲ ਦੀ ਮੌਤ ਤੋਂ ਬਾਅਦ ਪੁਲਿਸ ਵੀ ਦਰਜਨਾਂ ਇੰਟਰਵਿਊਜ਼ ਕਰ ਚੁੱਕੀ ਹੈ ਪਰ ਅਜੇ ਤੱਕ ਕਿਸੇ ਉੱਤੇ ਵੀ ਕੋਈ ਚਾਰਜਿਜ਼ ਨਹੀਂ ਲਾਏ ਗਏ।
ਅਮਲ ਦੀ ਮੌਤ ਤੋਂ ਬਾਅਦ ਪਹਿਲੀ ਵਾਰੀ ਜਨਤਕ ਤੌਰ ਉੱਤੇ ਗੱਲ ਕਰਦਿਆਂ ਕੈਲਗਰੀ ਬੋਰਡ ਆਫ ਐਜੂਕੇਸ਼ਨ ਦੇ ਚੀਫ ਸੁਪਰਡੈਂਟ ਕ੍ਰਿਸਟੋਫਰ ਊਸੀਹ ਨੇ ਆਖਿਆ ਕਿ ਸ਼ਹਿਰ ਦੇ ਸਕੂਲਾਂ ਵਿੱਚ ਬੁਲਿੰਗ ਲਈ ਕੋਈ ਥਾਂ ਨਹੀਂ ਹੈ। ਊਸੀਹ ਨੇ ਨਾ ਤਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਲ ਨਾਲ ਬੁਲਿੰਗ ਹੋਈ ਤੇ ਨਾ ਹੀ ਇਹ ਪੁਸ਼ਟੀ ਕੀਤੀ ਕਿ ਅਮਲ ਦੀ ਮਾਂ ਸਕੂਲ ਆਈ ਸੀ ਪਰ ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਸਕੂਲ ਬੋਰਡ ਦੀ ਆਪਣੀ ਰਣਨੀਤੀ ਹੈ।
ਅਮਲ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਸਕੂਲ ਬੋਰਡ ਨੇ ਉਨ੍ਹਾਂ ਦੀ ਬੱਚੀ ਦੇ ਮਾਮਲੇ ਨੂੰ ਸਿੱਧੇ ਤੌਰ ਉੱਤੇ ਸੰਬੋਧਨ ਨਹੀਂ ਕੀਤਾ। ਇਸ ਪਾਸੇ ਹੋਰ ਧਿਆਨ ਦੇਣ ਦੀ ਲੋੜ ਸੀ। ਤਿੰਨ ਸਾਲ ਪਹਿਲਾਂ ਇਹ ਪਰਿਵਾਰ ਸੀਰੀਆ ਵਿੱਚ ਜਾਰੀ ਹਿੰਸਾ ਤੋਂ ਬਚਣ ਲਈ ਇੱਥੇ ਆਇਆ ਸੀ। ਉਨ੍ਹਾਂ ਦੱਸਿਆ ਕਿ ਅਮਲ ਪਹਿਲਾਂ ਕੁੱਝ ਚਿਰ ਤਾਂ ਖੁਸ ਰਹੀ ਪਰ ਜਦੋਂ ਚੌਥੀ ਕਲਾਸ ਵਿੱਚ ਉਸ ਨੂੰ ਮੈਥਸ ਨਾਲ ਦਿੱਕਤ ਹੋਣ ਲੱਗੀ ਤਾਂ ਉਸ ਨਾਲ ਬੁਲਿੰਗ ਸੁਰੂ ਹੋ ਗਈ।

Comments

comments