ਭਾਰਤੀ ਜਨਤਾ ਪਾਰਟੀ ਵੱਲੋਂ ਫ਼ਿਲਮ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਕਾਰਨ ਉੱਘੇ ਫ਼ਿਲਮ ਅਦਾਕਾਰ ਤੇ ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਡਾਢੀ ਨਾਰਾਜ਼ ਹੋ ਗਏ ਹਨ। ਉਨ੍ਹਾਂ ਨੂੰ ਪੂਰੀ ਆਸ ਸੀ ਕਿ ਇਸ ਹਲਕੇ ਤੋਂ ਟਿਕਟ ਉਨ੍ਹਾਂ ਨੂੰ ਮਿਲੇਗੀ। ਹੁਣ ਉਹ ਪਾਰਟੀ ਤੋਂ ਨਾਰਾਜ਼ ਜਾਪਦੇ ਹਨ ਤੇ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਫ਼ਿਲਹਾਲ ਆਪਣੇ ਸਾਰੇ ਰਾਹ ਖੁੱਲ੍ਹੇ ਰੱਖੇ ਹੋਏ ਹਨ ਤੇ ਉਹ ਇਸੇ ਗੁਰਦਾਸਪੁਰ ਸੀਟ ਤੋਂ ਆਜ਼ਾਦ ਵੀ ਲੜ ਸਕਦੇ ਹਨ। ਪਰ ਹਾਲੇ ਉਨ੍ਹਾਂ ਨੇ ਇਸ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ।
ਸ੍ਰੀਮਤੀ ਕਵਿਤਾ ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ‘ਗੁਰਦਾਸਪੁਰ ਦੀ ਜਨਤਾ ਮੈਨੂੰ ਆਪਣਾ ਐੱਮਪੀ ਵੇਖਣਾ ਚਾਹੁੰਦੀ ਸੀ ਪਰ ਉੱਥੋਂ ਦੀ ਜਨਤਾ ਨੂੰ ਹੀ ਅੱਖੋਂ ਪ੍ਰੋਖੇ ਕਰ ਦਿੱਤਾ ਗਿਆ ਹੈ।’
ਸ੍ਰੀਮਤੀ ਖੰਨਾ ਨੇ ਕਿਹਾ ਕਿ ਉਨ੍ਹਾਂ ਦਾ ਪਰਮਾਤਮਾ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਹੈ। ‘ਮੈਂ ਗੁਰਦਾਸਪੁਰ ’’ਚ 20 ਸਾਲ ਕੰਮ ਕੀਤਾ ਹੈ। ਜਦੋਂ ਵਿਨੋਦ ਜੀ ਦੀ ਤਬੀਅਤ ਕਦੇ ਖ਼ਰਾਬ ਹੁੰਦੀ ਸੀ, ਤਦ ਮੈਨੂੰ ਗੁਰਦਾਸਪੁਰ ਹਲਕੇ ਦੀ ਜਨਤਾ ਨਾਲ ਮਿਲਣ ਦਾ ਮੌਕਾ ਮਿਲਦਾ ਸੀ।’
ਚੇਤੇ ਰਹੇ ਕਿ ਬਾਲੀਵੁੱਡ ਸਟਾਰ ਵਿਨੋਦ ਖੰਨਾ 1998, 1999, 2004 ਤੇ 2014 ’ਚ ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਦਾ ਦੇਹਾਂਤ 2017 ’ਚ ਹੋਇਆ ਸੀ।