Sun, 19 January , 2025 Home About Us Advertisement Contact Us
Breaking News

ਬਠਿੰਡਾ ਤੇ ਫ਼ਿਰੋਜ਼ਪੁਰ ‘ਚ ਕੈਪਟਨ ਬਾਦਲਾਂ ਦਾ ਦੋਸਤਾਨਾ ਮੈਚ, ਭਗਵੰਤ ਮਾਨ ਨੇ ਉਠਾਏ ਉਮੀਦਵਾਰਾਂ ‘ਤੇ ਸਵਾਲ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਬਠਿੰਡਾ ਤੇ ਫ਼ਿਰੋਜ਼ਪੁਰ ਲੋਕ ਸਭਾ ਹਲਕਿਆਂ ਲਈ ਕਾਂਗਰਸੀ ਉਮੀਦਵਾਰਾਂ ਦੀ ਚੋਣ ਨੇ ‘ਕੈਪਟਨ-ਬਾਦਲ’ ਮਿਲੀਭੁਗਤ ਦਾ ਪਰਦਾਫਾਸ਼ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਵਾਰੀ ਬੰਨ੍ਹ ਕੇ ਸੱਤਾ ਸੁੱਖ ਮਾਣਨ ਵਾਲੇ ਨਾਪਾਕ ਏਜੰਡੇ ‘ਤੇ ਚੱਲਦਿਆਂ ਕੈਪਟਨ ਨੇ ਬਾਦਲ ਪਰਿਵਾਰ ਨਾਲ ਆਪਣੀ ਯਾਰੀ ਪੁਗਾ ਦਿੱਤੀ ਹੈ।

ਭਗਵੰਤ ਮਾਨ ਮੁਤਾਬਕ ਫ਼ਿਰੋਜ਼ਪੁਰ, ਬਠਿੰਡਾ ਤੇ ਪਟਿਆਲਾ ‘ਚ ਇੱਕ-ਦੂਸਰੇ ਦਾ ਸਹਾਰਾ ਬਣਦਿਆਂ ਕੈਪਟਨ ਤੇ ਬਾਦਲਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਫ਼ਾਰਮੂਲਾ ਦੁਹਰਾਇਆ ਹੈ। 2017 ‘ਚ ਪਟਿਆਲਾ, ਲੰਬੀ ਤੇ ਜਲਾਲਾਬਾਦ ‘ਚ ਕੈਪਟਨ ਤੇ ਬਾਦਲਾਂ ਨੇ ਦੋਸਤਾਨਾ ਮੈਚ ਖੇਡ ਕੇ ‘ਆਪ’ ਉਮੀਦਵਾਰਾਂ ਦੇ ਮੁਕਾਬਲੇ ਆਪਸ ‘ਚ ਇੱਕ-ਦੂਜੇ ਨੂੰ ਜਿਤਾਇਆ ਸੀ। ਮਾਨ ਨੇ ਦਾਅਵਾ ਕੀਤਾ ਕਿ ਜੇਕਰ ਕੈਪਟਨ ਖ਼ੁਦ ਲੰਬੀ ਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਜਲਾਲਾਬਾਦ ਤੋਂ ਉਮੀਦਵਾਰ ਨਾ ਬਣਾਉਂਦੇ ਤਾਂ ਨਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਨਾ ਹੀ ਸੁਖਬੀਰ ਬਾਦਲ ਵਿਧਾਨ ਸਭਾ ਪਹੁੰਚਦੇ।



ਮਾਨ ਨੇ ਇਲਜ਼ਾਮ ਲਾਇਆ ਕਿ ਇਸ ਦੋਸਤਾਨਾ ਮੈਚ ਤਹਿਤ ਬਾਦਲਾਂ ਨੇ ਪਟਿਆਲਾ ਤੋਂ ਨਵਾਂ ਤੇ ਕਮਜ਼ੋਰ ਉਮੀਦਵਾਰ ਐਲਾਨ ਕੇ ਚੋਣਾਂ ਦੌਰਾਨ ਉਸ ਦੀ (ਜਨਰਲ ਜੇਜੇ ਸਿੰਘ) ਦੀ ਪਾਰਟੀ ਵੱਲੋਂ ਕੋਈ ਮਦਦ ਹੀ ਨਹੀਂ ਕੀਤੀ ਤੇ ਕੈਪਟਨ ਨੂੰ ਜਿਤਾ ਕੇ ਲੰਬੀ ਤੇ ਜਲਾਲਾਬਾਦ ਵਾਲੀ ‘ਡੀਲ’ ਸਿਰੇ ਚੜ੍ਹਾ ਦਿੱਤੀ। ਭਗਵੰਤ ਮਾਨ ਅਨੁਸਾਰ ਇਹ ਸਿਰਫ਼ ‘ਆਪ’ ਵੱਲੋਂ ਲਾਏ ਇਲਜ਼ਾਮ ਨਹੀਂ ਸਗੋਂ ਕੰਧ ‘ਤੇ ਲਿਖਿਆ ਸੱਚ ਹੈ, ਜਿਸ ਦੀ ਬਾਅਦ ‘ਚ ਅਕਾਲੀਆਂ ਤੇ ਕਾਂਗਰਸੀਆਂ ਦੇ ‘ਸਾਂਝੇ’ ਉਮੀਦਵਾਰ ਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਸਮੇਤ ਕਈ ਹੋਰ ਆਗੂਆਂ ਨੇ ਵੀ ਪੁਸ਼ਟੀ ਕੀਤੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ ਬਠਿੰਡਾ ਤੋਂ ਇੱਕ ਗੈਰ-ਗੰਭੀਰ ਤੇ ਮੂੰਹ ਫੱਟ ਨੌਜਵਾਨ ਆਗੂ ਰਾਜਾ ਵੜਿੰਗ ਤੇ ਸਥਾਨਕ ਕਾਂਗਰਸੀਆਂ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਅਕਾਲੀ ਤੋਂ ਤਾਜ਼ਾ-ਤਾਜ਼ਾ ਕਾਂਗਰਸੀ ਬਣੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਉਮੀਦਵਾਰ ਬਣਾ ਕੇ ਬਾਦਲ ਪਰਿਵਾਰ ਦਾ ਰਸਤਾ ਸੌਖਾ ਕਰਨ ਦੀ ਚਾਲ ਖੇਡੀ ਹੈ, ਪਰ ‘ਕਾਠ ਦੀ ਹੱਡੀ, ਵਾਰ-ਵਾਰ ਚੁੱਲ੍ਹੇ ਨਹੀਂ ਚੜ੍ਹਦੀ’ ਤੇ ਪੰਜਾਬ ਦੇ ਲੋਕਾਂ ਨੇ ਇਸ ਵਾਰ ਦੋਵਾਂ (ਕੈਪਟਨ-ਬਾਦਲਾਂ) ਨੂੰ ਸਬਕ ਸਿਖਾ ਦੇਣਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਸੇ ਦੋਸਤਾਨਾ ਮੈਚ ਦੇ ਕਾਰਨ ਬਾਦਲ ਅਕਾਲੀ ਦਲ ਨੇ ਅਜੇ ਤੱਕ ਬਠਿੰਡਾ ਤੇ ਫ਼ਿਰੋਜ਼ਪੁਰ ਤੋਂ ਉਮੀਦਵਾਰ ਨਹੀਂ ਐਲਾਨੇ ਸਨ। ਹੁਣ ਬਣੇ ਮਨਸੂਬੇ ਤਹਿਤ ਕਾਂਗਰਸ ਦੀ ਤਰਫ਼ੋਂ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਹਰਸਿਮਰਤ ਬਾਦਲ ਸਮੇਤ ਬਾਦਲ ਪਰਿਵਾਰ ਦਾ ਕੋਈ ਨਾ ਕੋਈ ਹੋਰ ਮੈਂਬਰ ਵੀ ਮੈਦਾਨ ‘ਚ ਉੱਤਰ ਸਕਦਾ ਹੈ।

Comments

comments