Home / ਭਾਰਤ / ਸਿੱਖ ਕਤਲੇਆਮ: ਤਿੰਨ ਮੈਂਬਰੀ ਨਵੀਂ ਸਿੱਟ ਬਣੀ
ਸਿੱਖ ਕਤਲੇਆਮ: ਤਿੰਨ ਮੈਂਬਰੀ ਨਵੀਂ ਸਿੱਟ ਬਣੀ

ਸਿੱਖ ਕਤਲੇਆਮ: ਤਿੰਨ ਮੈਂਬਰੀ ਨਵੀਂ ਸਿੱਟ ਬਣੀ

ਜਸਟਿਸ ਢੀਂਗਰਾ ਥਾਪੇ ਗਏ ਮੁਖੀ; 186 ਕੇਸਾਂ ਦੀ ਅੱਗੇ ਜਾਂਚ ਕਰੇਗੀ ਟੀਮ; 
ਦੋ ਮਹੀਨਿਆਂ ’ਚ ਦੇਵੇਗੀ ਸਥਿਤੀ ਰਿਪੋਰਟ

ਨਵੀਂ ਦਿੱਲੀ, ਸਿੱਖ ਕਤਲੇਆਮ ਦੇ 186 ਕੇਸਾਂ ਦੀ ਅੱਗੇ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਅਗਵਾਈ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਐਸ ਐਨ ਢੀਂਗਰਾ ਕਰਨਗੇ। ਸਿੱਟ ਦੇ ਹੋਰ ਮੈਂਬਰਾਂ ’ਚ ਹਿਮਾਚਲ ਪ੍ਰਦੇਸ਼ ਦੇ 2006 ਬੈਚ ਦੇ ਮੌਜੂਦਾ ਆਈਪੀਐਸ ਅਫ਼ਸਰ ਅਭਿਸ਼ੇਕ ਦੁੱਲਾਰ ਅਤੇ ਆਈਜੀ ਰੈਂਕ ਦੇ ਸੇਵਾਮੁਕਤ ਅਧਿਕਾਰੀ ਰਾਜਦੀਪ ਸਿੰਘ ਸ਼ਾਮਲ ਹਨ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਵਿਸ਼ੇਸ਼ ਜਾਂਚ ਟੀਮ ਨੂੰ ਦੋ ਮਹੀਨਿਆਂ ’ਚ ਸਥਿਤੀ ਰਿਪੋਰਟ ਜਮਾਂ ਕਰਾਉਣ ਲਈ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਪਿਛਲੀ ਸਿੱਟ ਨੇ 186 ਕੇਸਾਂ ਦੀ ਅੱਗੇ ਜਾਂਚ ਨਹੀਂ ਕੀਤੀ ਸੀ ਅਤੇ ਇਨ੍ਹਾਂ ਮਾਮਲਿਆਂ ਨੂੰ ਬੰਦ ਕਰਨ ਦੀ ਰਿਪੋਰਟ ਦਾਖ਼ਲ ਕਰ ਦਿੱਤੀ ਗਈ। ਇਸ ਕਰਕੇ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਦੋ ਪੁਲੀਸ ਅਧਿਕਾਰੀਆਂ ’ਤੇ ਆਧਾਰਿਤ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਹਦਾਇਤ ਕੀਤੀ ਗਈ ਸੀ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪਟੀਸ਼ਨਰਾਂ ਦੇ ਵਕੀਲ ਜੀ ਐਸ ਕਾਹਲੋਂ ਵੱਲੋਂ ਸਿੱਟ ਮੈਂਬਰਾਂ ਦੇ ਨਾਵਾਂ ’ਤੇ ਸਹਿਮਤੀ ਜਤਾਏ ਜਾਣ ਮਗਰੋਂ ਸਿਖਰਲੀ ਅਦਾਲਤ ਨੇ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ। ਬੈਂਚ ਨੇ ਕੱਲ ਕਿਹਾ ਸੀ,‘‘ਅਸੀਂ ਜਾਂਚ ਕਮੇਟੀ ਦੀ ਰਿਪੋਰਟ ਨੂੰ ਪੂਰੇ ਧਿਆਨ ਨਾਲ ਵਾਚਿਆ ਅਤੇ ਪਤਾ ਲੱਗਾ ਕਿ ਸਿੱਟ ਨੇ 186 ਕੇਸਾਂ ਦੇ ਮਾਮਲੇ ’ਚ ਅੱਗੇ ਜਾਂਚ ਨਹੀਂ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਕੇਸਾਂ ਦੇ ਸਰੂਪ ਨੂੰ ਦੇਖਦਿਆਂ ਨਵੀਂ ਸਿੱਟ ਬਣਾਉਣਾ ਠੀਕ ਰਹੇਗਾ। ਪਹਿਲੇ ਦੀ ਜਾਂਚ ਕਮੇਟੀ, ਜਿਸ ਨੇ ਰਿਪੋਰਟ ਜਮਾਂ ਕਰਵਾਈ ਸੀ, ’ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਜੇ ਐਮ ਪਾਂਚਾਲ ਅਤੇ ਜਸਟਿਸ ਕੇ ਐਸ ਪੀ ਰਾਧਾਕ੍ਰਿਸ਼ਨਨ ਸ਼ਾਮਲ ਸਨ। ਸੁਪਰੀਮ ਕੋਰਟ ਨੇ ਪਿਛਲੇ ਸਾਲ 16 ਅਗਸਤ ਨੂੰ ਜਾਂਚ ਕਮੇਟੀ ਬਣਾਈ ਸੀ ਜਦੋਂ ਵਿਸ਼ੇਸ਼ ਜਾਂਚ ਟੀਮ ਨੇ ਸਿੱਖ ਕਤਲੇਆਮ ਦੇ 241 ਕੇਸਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਕੇਂਦਰ ਨੇ ਕਿਹਾ ਸੀ ਕਿ ਸਿੱਟ ਵੱਲੋਂ 250 ਕੇਸਾਂ ਦੀ ਜਾਂਚ ਮਗਰੋਂ 241 ਨੂੰ ਬੰਦ ਕਰਨ ਦੀ ਰਿਪੋਰਟ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਸਿੱਟ ਵੱਲੋਂ 9 ਕੇਸਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋ ਕੇਸਾਂ ਦੀ ਸੀਬੀਆਈ ਪੜਤਾਲ ਕਰ ਰਹੀ ਹੈ। ਸੁਪਰੀਮ ਕੋਰਟ ਨੇ 24 ਮਾਰਚ 2017 ਨੂੰ ਕੇਂਦਰ ਨੂੰ ਕਿਹਾ ਸੀ ਕਿ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਗਈ ਸਿੱਟ ਦੇ 199 ਕੇਸਾਂ ਨੂੰ ਬੰਦ ਕਰਨ ਦੀਆਂ ਫਾਈਲਾਂ ਉਨ੍ਹਾਂ ਨੂੰ ਸੌਂਪੀਆਂ ਜਾਣ। ਇਸ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ 1986 ਬੈਚ ਦੇ ਆਈਪੀਐਸ ਅਫ਼ਸਰ ਪ੍ਰਮੋਦ ਅਸਥਾਨਾ ਨੇ ਕੀਤੀ ਸੀ ਅਤੇ ਟੀਮ ’ਚ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਸੇਵਾਮੁਕਤ ਜੱਜ ਰਾਕੇਸ਼ ਕਪੂਰ ਅਤੇ ਦਿੱਲੀ ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਕੁਮਾਰ ਗਿਆਨੇਸ਼ ਸ਼ਾਮਲ ਸਨ। ਪਟੀਸ਼ਨਰ ਗੁਰਲਾਡ ਸਿੰਘ ਕਾਹਲੋਂ ਨੇ ਬੈਂਚ ਨੂੰ ਦੱਸਿਆ ਸੀ ਕਿ ਸਿੱਟ ਨੇ ਸਿੱਖ ਕਤਲੇਆਮ ਦੇ ਕੁੱਲ 293 ਕੇਸਾਂ ਦੀ ਜਾਂਚ ਕੀਤੀ ਸੀ ਅਤੇ ਪੜਤਾਲ ਮਗਰੋਂ 199 ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ੍ਰੀ ਕਾਹਲੋਂ ਨੇ ਅਦਾਲਤ ਨੂੰ ਹਦਾਇਤ ਦੇਣ ਲਈ ਕਿਹਾ ਸੀ ਕਿ ਕਤਲੇਆਮ ਪੀੜਤਾਂ ਨੂੰ ਤੇਜ਼ੀ ਨਾਲ ਇਨਸਾਫ਼ ਦਿਵਾਉਣ ਲਈ ਇਕ ਹੋਰ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇ।

ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਸੁਣਾ ਚੁੱਕੇ ਹਨ ਜਸਟਿਸ ਢੀਂਗਰਾ

ਸੇਵਾਮੁਕਤ ਜਸਟਿਸ ਐਸ ਐਨ ਢੀਂਗਰਾ ਨੇ 2001 ’ਚ ਸੰਸਦ ’ਤੇ ਹੋਏ ਹਮਲੇ ਸਮੇਤ ਕਈ ਚਰਚਿਤ ਕੇਸਾਂ ਦੀ ਸੁਣਵਾਈ ਕੀਤੀ ਹੈ। ਪਿੱਛੇ ਜਿਹੇ ਉਹ ਸੁਰਖੀਆਂ ’ਚ ਸਨ ਜਦੋਂ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਦੀ ਕਥਿਤ ਸ਼ਮੂਲੀਅਤ ਵਾਲੇ ਹਰਿਆਣਾ ਜ਼ਮੀਨ ਘੁਟਾਲੇ ਦੀ ਉਨ੍ਹਾਂ ਜਾਂਚ ਕੀਤੀ ਸੀ। ਜਸਟਿਸ ਢੀਂਗਰਾ ਨੇ ਹੇਠਲੀ ਅਦਾਲਤ ’ਚ ਸਿੱਖ ਕਤਲੇਆਮ ਦੇ ਕੇਸਾਂ ਦੀ ਵੀ ਸੁਣਵਾਈ ਕੀਤੀ ਹੈ। ਇਨ੍ਹਾਂ ’ਚੋਂ ਕਰੀਬ 16 ਕੇਸਾਂ ’ਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ। ਕੇਸਾਂ ਨਾਲ ਜੁੜੇ ਇਕ ਵਕੀਲ ਦਾ ਕਹਿਣਾ ਹੈ ਕਿ ਜਸਟਿਸ ਢੀਂਗਰਾ ਨੇ 1990 ’ਚ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ’ਚ ਹੋਏ ਦੰਗਿਆਂ ਦੇ ਮਾਮਲੇ ’ਚ ਮੁੱਖ ਦੋਸ਼ੀ ਕਿਸ਼ੋਰੀ ਲਾਲ ਅਤੇ ਹੋਰਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਹਾਈ ਕੋਰਟ ਨੇ ਕਿਸ਼ੋਰੀ ਲਾਲ ਦੀ ਸਜ਼ਾ ਬਹਾਲ ਰੱਖੀ ਸੀ ਪਰ ਸੁਪਰੀਮ ਕੋਰਟ ਨੇ ਉਸ ਦੀ ਫਾਂਸੀ ਨੂੰ ਉਮਰ ਕੈਦ ’ਚ ਤਬਦੀਲ ਕਰ ਦਿੱਤਾ ਸੀ। ਵਿਸ਼ੇਸ਼ ਜਾਂਚ ਟੀਮ ’ਚ ਸ਼ਾਮਲ ਅਭਿਸ਼ੇਕ ਦੁੱਲਰ ਨੇ ਸ਼ਿਮਲਾ ’ਚ ਐਸਪੀ ਵਜੋਂ ਸੇਵਾਵਾਂ ਨਿਭਾਈਆਂ ਹਨ ਅਤੇ ਇਸ ਵੇਲੇ ਉਹ ਡੈਪੂਟੇਸ਼ਨ ’ਤੇ ਸੀਬੀਆਈ ’ਚ ਹਨ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top