Home / ਬਾਲ ਸੰਸਾਰ / ਸਿਆਣਾ ਤੋਤਾ
ਸਿਆਣਾ ਤੋਤਾ

ਸਿਆਣਾ ਤੋਤਾ

ਰਾਮ ਨਗਰ ਨਾਂ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਾਮੂ ਨਾਂ ਦਾ ਬਹੁਤ ਗ਼ਰੀਬ ਲੜਕਾ ਤੇ ਉਸ ਦੀ ਬੁੱਢੀ ਮਾਂ ਰਹਿੰਦੇ ਸਨ। ਰਾਮੂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਸੀ। ਰਾਮੂ ਹਰ ਰੋਜ਼ ਜੰਗਲ ਵਿੱਚੋਂ ਲੱਕੜੀਆਂ ਕੱਟ ਕੇ ਲਿਆਉਂਦਾ ਹੁੰਦਾ ਸੀ। ਉਨ੍ਹਾਂ ਲੱਕੜਾਂ ਨੂੰ ਉਹ ਸ਼ਹਿਰ ਵਿੱਚ ਵੇਚ ਕੇ ਜੋ ਕੁਝ ਵੀ ਮਿਲਦਾ, ਉਸ ਨਾਲ ਆਪਣਾ ਤੇ ਆਪਣੀ ਬੁੱਢੀ ਮਾਂ ਦਾ ਪੇਟ ਭਰਦਾ ਸੀ।
ਇੱਕ ਦਿਨ ਰਾਮੂ ਜੰਗਲ ਵਿੱਚ ਲੱਕੜੀਆਂ ਲੈਣ ਲਈ ਗਿਆ। ਉਸ ਦਿਨ ਆਸਮਾਨ ’ਤੇ ਬੱਦਲ ਛਾਏ ਹੋਏ ਸਨ। ਠੰਢੀ-ਠੰਢੀ ਹਵਾ ਚੱਲ ਰਹੀ ਸੀ। ਥੋੜ੍ਹੇ ਸਮੇਂ ਬਾਅਦ ਜ਼ੋਰਦਾਰ ਮੀਂਹ ਪੈਣ ਲੱਗਾ। ਰਾਮੂ ਇੱਕ ਸੰਘਣੇ ਦਰੱਖਤ ਦੇ ਥੱਲੇ ਬੈਠ ਗਿਆ। ਮੀਂਹ ਬੰਦ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਰਾਮੂ ਗਹਿਰੀ ਸੋਚ ਵਿੱਚ ਡੁੱਬ ਗਿਆ। ਉਹ ਸੋਚਣ ਲੱਗਾ ਕਿ ਸਾਰੀਆਂ ਲੱਕੜਾਂ ਗਿੱਲੀਆਂ ਹੋ ਗਈਆਂ ਹਨ। ਹੁਣ ਇਨ੍ਹਾਂ ਨੂੰ ਬਾਜ਼ਾਰ ਵਿੱਚ ਕੋਈ ਨਹੀਂ ਖ਼ਰੀਦੇਗਾ। ਅੱਜ ਸਾਨੂੰ ਭੁੱਖੇ ਹੀ ਰਹਿਣਾ ਪਏਗਾ। ਉਸ ਦਰੱਖਤ ’ਤੇ ਇੱਕ ਤੋਤਾ ਬੈਠਾ ਰਾਮੂ ਦੀਆਂ ਗੱਲਾਂ ਸੁਣ ਰਿਹਾ ਸੀ। ਰਾਮੂ ਨੂੰ ਉਦਾਸ ਦੇਖ ਕੇ ਤੋਤੇ ਨੂੰ ਤਰਸ ਆ ਗਿਆ। ਤੋਤਾ ਰਾਮੂ ਨੂੰ ਖ਼ੁਸ਼ ਕਰਨ ਲਈ ਇੱਕ ਮਿੱਠਾ ਜਿਹਾ ਗੀਤ ਗਾਉਣ ਲੱਗ ਪਿਆ। ਤੋਤੇ ਦਾ ਮਿੱਠਾ ਗੀਤ ਸੁਣ ਕੇ ਰਾਮੂ ਹੈਰਾਨ ਹੋਇਆ। ਉਸ ਨੇ ਤੋਤੇ ਤੋਂ ਪੁੱਛਿਆ ‘ਐ ਤੋਤੇ! ਕੀ ਤੂੰ ਬੋਲ ਸਕਦਾ ਹੈ?’ ਤੋਤੇ ਨੇ ਉੱਤਰ ਦਿੱਤਾ ‘ਹਾਂ ਮੈਂ ਬੋਲ ਸਕਦਾ ਹਾਂ।’ ਤੋਤੇ ਨੇ ਰਾਮੂ ਦੇ ਉਦਾਸ ਹੋਣ ਦਾ ਕਾਰਨ ਪੁੱਛਿਆ ਤਾਂ ਰਾਮੂ ਨੇ ਆਪਣੀ ਸਾਰੀ ਕਹਾਣੀ ਤੋਤੇ ਨੂੰ ਦੱਸ ਦਿੱਤੀ। ਉਸਦੀ ਦੁੱਖ ਭਰੀ ਕਹਾਣੀ ਸੁਣ ਕੇ ਤੋਤੇ ਨੂੰ ਰਾਮੂ ’ਤੇ ਬਹੁਤ ਤਰਸ ਆਇਆ ਅਤੇ ਉਸਨੇ ਉਸਦੀ ਮਦਦ ਕਰਨ ਦੀ ਸੋਚੀ। ਤੋਤੇ ਨੇ ਰਾਮੂ ਨੂੰ ਕਿਹਾ ‘ਤੂੰ ਬਹੁਤ ਗ਼ਰੀਬ ਹੈ। ਮੈਂ ਤੇਰੀ ਹਰ ਰੋਜ਼ ਮਦਦ ਕਰਾਂਗਾ। ਮੇਰੇ ਕੋਲ ਇੱਕ ਜਾਦੂ ਵਾਲਾ ਖੰਭ ਹੈ। ਇਸ ਨੂੰ ਆਪਣੇ ਘਰ ਲਿਜਾ ਕੇ ਪਕਾ ਲੈ। ਇਸ ਨਾਲ ਬਹੁਤ ਵਧੀਆ ਭੋਜਨ ਤਿਆਰ ਹੋ ਜਾਵੇਗਾ। ਫਿਰ ਤੂੰ ਤੇ ਤੇਰੀ ਬੁੱਢੀ ਮਾਂ ਪੇਟ ਭਰ ਕੇ ਸੁਆਦਲਾ ਭੋਜਨ ਖਾ ਲੈਣਾ।’ ਇਹ ਕਹਿ ਕੇ ਤੋਤੇ ਨੇ ਇੱਕ ਜਾਦੂ ਵਾਲਾ ਖੰਭ ਰਾਮੂ ਵੱਲ ਸੁੱਟ ਦਿੱਤਾ। ਰਾਮੂ ਨੇ ਉਹ ਖੰਭ ਲਿਆ ਤੇ ਆਪਣੇ ਘਰ ਜਾ ਕੇ ਆਪਣੀ ਮਾਂ ਨੂੰ ਦੇ ਦਿੱਤਾ ਤੇ ਤੋਤੇ ਵਾਲੀ ਸਾਰੀ ਗੱਲਬਾਤ ਵੀ ਉਸਨੂੰ ਸੁਣਾ ਦਿੱਤੀ। ਰਾਮੂ ਦੀ ਮਾਂ ਨੇ ਉਸ ਖੰਭ ਨੂੰ ਪਤੀਲੇ ਵਿੱਚ ਪਾ ਕੇ ਨਾਲ ਥੋੜ੍ਹਾ ਜਿਹਾ ਪਾਣੀ ਪਾ ਕੇ ਅੱਗ ਉੱਤੇ ਧਰ ਦਿੱਤਾ ਤੇ ਆਪ ਉਸ ਵਿੱਚ ਕੱੜਛੀ ਫੇਰਨ ਲੱਗ ਪਈ। ਥੋੜ੍ਹੇ ਸਮੇਂ ਬਾਅਦ ਪਤੀਲੇ ਵਿੱਚ ਬਹੁਤ ਵਧੀਆ ਭੋਜਨ ਤਿਆਰ ਹੋ ਗਿਆ। ਰਾਮੂ ਅਤੇ ਉਸ ਦੀ ਬੁੱਢੀ ਮਾਂ ਨੇ ਉਹ ਭੋਜਨ ਬੜੇ ਸੁਆਦ ਨਾਲ ਖਾਧਾ। ਰਾਮੂ ਰਾਤ ਨੂੰ ਸੋਚਣ ਲੱਗਾ ਕਿ ਜੇਕਰ ਉਹ ਤੋਤੇ ਨੂੰ ਫੜ ਕੇ ਕੈਦ ਕਰ ਲਵੇ ਤਾਂ ਉਹ ਉਸ ਕੋਲੋਂ ਜ਼ਿਆਦਾ ਖੰਭ ਲੈ ਸਕੇਗਾ। ਇਸ ਤਰ੍ਹਾਂ ਉਹ ਤੇ ਉਸਦੀ ਮਾਂ ਹਰ ਰੋਜ਼ ਜ਼ਿਆਦਾ ਭੋਜਨ ਖਾਇਆ ਕਰਨਗੇ ਤੇ ਉਸ ਨੂੰ ਲੱਕੜਾਂ ਕੱਟ ਕੇ ਵੇਚਣ ਦਾ ਮੁਸ਼ਕਿਲ ਕੰਮ ਵੀ ਨਹੀਂ ਕਰਨਾ ਪਏਗਾ।
ਲਾਲਚ ਵਿੱਚ ਆ ਕੇ ਰਾਮੂ ਨੇ ਦੂਸਰੇ ਦਿਨ ਜੰਗਲ ਵਿੱਚ ਜਾ ਕੇ ਦਰੱਖਤ ਉੱਪਰੋਂ ਉਸ ਤੋਤੇ ਨੂੰ ਫੜ ਲਿਆ। ਉਸਨੇ ਤੋਤੇ ਨੂੰ ਘਰ ਲਿਆ ਕੇ ਪਿੰਜਰੇ ਵਿੱਚ ਕੈਦ ਕਰ ਲਿਆ। ਤੋਤੇ ਨੇ ਬਹੁਤ ਤਰਲੇ ਕੀਤੇ ਕਿ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇ, ਪਰ ਰਾਮੂ ਨੇ ਇੱਕ ਨਾ ਸੁਣੀ। ਰਾਮੂ ਨੇ ਤੋਤੇ ਨੂੰ ਕਿਹਾ ਕਿ ਲਿਆ ਮੈਨੂੰ ਬਹੁਤ ਸਾਰੇ ਖੰਭ ਦੇ ਦੇ। ਅਸੀਂ ਬਹੁਤ ਸਾਰਾ ਭੋਜਨ ਤਿਆਰ ਕਰਨਾ ਹੈ। ਰਾਮੂ ਦੀ ਗੱਲ ਸੁਣ ਕੇ ਤੋਤਾ ਹੱਸ ਪਿਆ ਤੇ ਕਹਿਣ ਲੱਗਾ ਜੇਕਰ ਤੂੰ ਮੈਨੂੰ ਖੰਭਾਂ ਲਈ ਕੈਦ ਕੀਤਾ ਹੈ ਤਾਂ ਮੈਨੂੰ ਪਹਿਲਾਂ ਹੀ ਦੱਸ ਦੇਣਾ ਸੀ। ਮੈਂ ਤੇ ਜਾਦੂ ਵਾਲਾ ਖੰਭ ਉਸ ਦਰੱਖਤ ’ਤੇ ਛੱਡ ਆਇਆ ਹਾਂ। ਲਾਲਚ ਵਿੱਚ ਆ ਕੇ ਰਾਮੂ ਤੋਤੇ ਨੂੰ ਜੰਗਲ ਵਿੱਚ ਉਸ ਦਰੱਖਤ ਥੱਲੇ ਲੈ ਗਿਆ ਤੇ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਕਿਹਾ ਕਿ ਜਾ ਆਲ੍ਹਣੇ ਵਿੱਚੋਂ ਸਾਰੇ ਖੰਭ ਲੈ ਆ। ਤੋਤਾ ਹੁਣ ਆਜ਼ਾਦ ਹੋ ਗਿਆ ਸੀ। ਤੋਤਾ ਉੱਚੀ-ਉੱਚੀ ਹੱਸਣ ਲੱਗਾ ਤੇ ਰਾਮੂ ਨੂੰ ਕਹਿਣ ਲੱਗਾ ‘ਜਾਹ ਤੇਰੇ ਜਿਹੇ ਮੂਰਖ ਤੇ ਲਾਲਚੀ ਉੱਪਰ ਤਰਸ ਨਹੀਂ ਕਰਨਾ ਚਾਹੀਦਾ।’

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top