Home / ਬਾਲ ਸੰਸਾਰ / ਲੱਕੜ ਦਾ ਪੁਲ
ਲੱਕੜ ਦਾ ਪੁਲ

ਲੱਕੜ ਦਾ ਪੁਲ

ਇੱਕ ਵਾਰ 12-13 ਸਾਲ ਦਾ ਲੜਕਾ ਆਪਣੇ ਪਿੰਡ ਦੇ ਬਾਹਰ ਗਾਵਾਂ ਤੇ ਮੱਝਾਂ ਚਾਰਦਾ ਹੁੰਦਾ ਸੀ। ਉਹ ਹਰ ਰੋਜ਼ ਉਨ੍ਹਾਂ ਨੂੰ ਨਦੀ ਦੇ ਕਿਨਾਰੇ ਚਰਨ ਲਈ ਖੁੱਲ੍ਹੀਆਂ ਛੱਡ ਦਿੰਦਾ ਅਤੇ ਆਪ ਕਿਸੇ ਨਾ ਕਿਸੇ ਖੇਡ ਵਿੱਚ ਮਸਤ ਹੋ ਜਾਂਦਾ। ਨੇੜੇ ਹੀ ਇੱਕ ਰੇਲਵੇ ਲਾਈਨ ਗੁਜ਼ਰਦੀ ਸੀ ਅਤੇ ਨਦੀ ’ਤੇ ਬਣੇ ਲੱਕੜ ਦੇ ਪੁੱਲ ਤੋਂ ਇਹ ਲਾਈਨ ਪਾਰ ਹੁੰਦੀ ਸੀ। ਉਹ ਲੜਕਾ ਹਰ ਰੋਜ਼ ਰੇਲ ਗੱਡੀ ਨੂੰ ਉਸ ਪੁਲ ਉੱਤੇ ਲੰਘਦੀ ਹੋਈ ਨੂੰ ਦੇਖਦਾ ਸੀ।
ਇੱਕ ਦਿਨ ਜਦੋਂ ਉਹ ਆਪਣੇ ਪਸ਼ੂ ਚਾਰ ਰਿਹਾ ਸੀ ਤਾਂ ਉਹ ਪੁਲ ਦੇ ਨੇੜੇ ਚਲਾ ਗਿਆ ਅਤੇ ਲੱਕੜ ਦੇ ਪੁਲ ਨੂੰ ਅੱਗ ਲੱਗੀ ਦੇਖ ਬਹੁਤ ਡਰ ਗਿਆ। ਉੱਥੇ ਉਸ ਦੀ ਮੱਦਦ ਕਰਨ ਵਾਲਾ ਵੀ ਕੋਈ ਨਹੀਂ ਆਇਆ। ਪਰ ਉਸਦਾ ਡਰ ਹੋਰ ਵੀ ਵਧ ਗਿਆ ਜਦੋਂ ਉਸਨੇ ਦੂਰੋਂ ਆਉਂਦੀ ਰੇਲ ਗੱਡੀ ਦੇਖੀ। ਉਸ ਨੇ ਗੱਡੀ ਨੁੂੰ ਰੋਕਣ ਦੇ ਉਪਾਅ ਸੋਚੇ, ਪਰ ਕੁਝ ਵੀ ਸਮਝ ਨਹੀਂ ਸੀ ਆਉਂਦਾ। ਕੋਈ ਵੱਡਾ ਹਾਦਸਾ ਵਾਪਰਨ ਦੇ ਡਰੋਂ ਉਸ ਦਾ ਮਨ ਬਹੁਤ ਘਬਰਾ ਰਿਹਾ ਸੀ। ਥੋੜ੍ਹੀ ਦੇਰ ਸੋਚਣ ਤੋਂ ਬਾਅਦ ਉਸਨੇ ਆਪਣਾ ਕਮੀਜ਼ ਉਤਾਰ ਕੇ ਆਪਣੀ ਸੋਟੀ ’ਤੇ ਟੰਗ ਕੇ ਝੰਡੀ ਬਣਾ ਲਈ ਅਤੇ ‘ਰੇਲ ਰੋਕੋ ਰੇਲ ਰੋਕੋ’ ਦਾ ਸ਼ੋਰ ਮਚਾਉਂਦਾ ਹੋਇਆ ਗੱਡੀ ਵੱਲ ਦੌੜਿਆ। ਜਿਉਂ ਹੀ ਰੇਲ ਦੇ ਡਰਾਈਵਰ ਨੇ ਉਸਨੂੰ ਦੇਖਿਆ ਉਸਨੇ ਗੱਡੀ ਨੁੂੰ ਰੋਕਣਾ ਸ਼ੁਰੂ ਕੀਤਾ ਅਤੇ ਗੱਡੀ ਹੌਲੀ ਹੁੰਦੀ ਹੋਈ ਲੱਕੜ ਦੇ ਪੁਲ ਤੋਂ ਪਹਿਲਾਂ ਹੀ ਰੁਕ ਗਈ। ਉਹ ਲੜਕਾ ਡਰਾਈਵਰ ਪਾਸ ਪਹੁੰਚਿਆ ਅਤੇ ਪੁਲ ਵੱਲ ਇਸ਼ਾਰਾ ਕੀਤਾ। ਡਰਾਈਵਰ ਨੇ ਬੱਚੇ ਦੀ ਸਮਝਦਾਰੀ ਦੇਖ ਕੇ ਉਸ ਨੂੰ ਪਿਆਰ ਨਾਲ ਆਪਣੀ ਬੁੱਕਲ ਵਿੱਚ ਲੈ ਲਿਆ।
ਹੁਣ ਗੱਡੀ ਰੁਕਣ ਦੇ ਕਾਰਨ  ਸਭ ਮੁਸਾਫਿਰ ਵੀ ਹੇਠਾਂ ਉੱਤਰ ਆਏ ਅਤੇ ਉਸ ਲੜਕੇ ਦੀ ਸਮਝਦਾਰੀ ਤੋਂ ਬਹੁਤ ਖ਼ੁਸ਼ ਹੋਏ। ਬਹੁਤ ਸਾਰੇ ਮੁਸਾਫਿਰਾਂ ਨੇ ਆਪਣੀ ਜਾਨ ਬਚੀ ਦੇਖ, ਉਸ ਲੜਕੇ ਦਾ ਧੰਨਵਾਦ ਕੀਤਾ ਅਤੇ ਬਹੁਤ ਸਾਰੇ ਪੈਸੇ ਇਨਾਮ ਵਜੋਂ ਦਿੱਤੇ। ਹਰ ਮੁਸਾਫਿਰ ਨੇ ਵੱਧ ਤੋਂ ਵੱਧ ਪੈਸੇ ਦੇ ਕੇ ਉਸ ਲੜਕੇ ਨੂੰ ਸ਼ਾਬਾਸ਼ ਦਿੱਤੀ। ਡਰਾਈਵਰ ਨੇ ਵੀ ਉਸਨੂੰ ਸਰਕਾਰ ਵੱਲੋਂ ਸੇਵਾ ਲਈ ਵੱਡਾ ਇਨਾਮ ਦਿਵਾਉਣ ਦਾ ਫ਼ੈਸਲਾ ਕੀਤਾ।
ਥੋੜ੍ਹੇ ਦਿਨਾਂ ਬਾਅਦ ਉਸਨੂੰ ਸਰਕਾਰ ਨੇ ਵੱਡੀ ਰਕਮ ਨਾਲ ਇਨਾਮ ਦੇ ਕੇ ਸਨਮਾਨਤ ਕੀਤਾ ਤਾਂ ਉਸ ਕੋਲ ਹੁਣ ਕਾਫ਼ੀ ਧਨ ਹੋ ਗਿਆ। ਜਿਸ ਨਾਲ ਉਸਨੇ ਬਹੁਤ ਸਾਰੀਆਂ ਮੱਝਾਂ ਤੇ ਗਾਵਾਂ ਖ਼ਰੀਦੀਆਂ ਅਤੇ ਕੁਝ ਧਨ ਸਕੂਲ ਵਿੱਚ ਪੜ੍ਹਨ ਲਈ ਵਰਤਿਆ। ਇਸ ਤਰ੍ਹਾਂ, ਹੁਣ ਉਸ ਕੋਲ ਬਹੁਤ ਸਾਰੀਆਂ ਕੀਮਤੀ ਮੱਝਾਂ ਤੇ ਗਾਵਾਂ ਹੋ ਗਈਆਂ। ਉੱਧਰ ਉਹ ਪੜ੍ਹਾਈ ਵਿੱਚ ਵੀ ਹੁਸ਼ਿਆਰ ਹੋ ਗਿਆ। ਇਸ ਦੇ ਨਾਲ ਹੀ ਉਹ ਮੱਝਾਂ ਤੇ ਗਾਵਾਂ ਦਾ ਵਪਾਰ ਕਰਨ ਲੱਗਾ ਅਤੇ ਖ਼ੂਬ ਧਨ ਕਮਾਉਣ ਲੱਗਾ। ਉਹ ਜਿਉਂ ਜਿਉਂ ਵੱਡਾ ਹੁੰਦਾ ਗਿਆ ਉਸਨੇ ਪੜ੍ਹਾਈ ਵੀ ਬਹੁਤ ਕਰ ਲਈ। ਪਸ਼ੂਆਂ ਦਾ ਚੰਗਾ ਵਪਾਰੀ ਹੋਣ ਕਾਰਨ ਉਹ ਇਲਾਕੇ ਵਿੱਚ ਬਹੁਤ ਮਸ਼ਹੂਰ ਹੋ ਗਿਆ। ਹੁਣ ਇੱਕ ਰਾਜਸੀ ਪਾਰਟੀ ਵੱਲੋਂ ਚੋਣਾਂ ਵਿੱਚ ਟਿਕਟ ਮਿਲਣ ’ਤੇ ਉਹ ਜਿੱਤ ਕੇ ਰੇਲਵੇ ਮੰਤਰੀ ਬਣ ਗਿਆ। ਮੰਤਰੀ ਬਣਨ ’ਤੇ ਚੰਗੇ ਘਰ ਵਿਆਹ ਹੋ ਗਿਆ, ਪਰ ਉਸਦਾ ਸੁਭਾਅ ਨੇਕ ਨੀਅਤ ਵਾਲਾ ਅਤੇ ਕਲਿਆਣਕਾਰੀ ਹੀ ਰਿਹਾ। ਉਹ ਸਦਾ ਲੋਕਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ।
ਸਮਾਂ ਬੀਤਣ ਦੇ ਨਾਲ ਉਸ ਲੱਕੜ ਦੇ ਪੁਲ ਦੀ ਥਾਂ ਬਹੁਤ ਸ਼ਾਨਦਾਰ ਮਜ਼ਬੂਤ ਰੇਲਵੇ ਪੁਲ ਤਿਆਰ ਹੋਇਆ ਤਾਂ ਰੇਲਵੇ ਮੰਤਰੀ ਨੂੰ ਇਸ ਦੇ ਉਦਾਘਟਨ ਲਈ ਬੁਲਾਇਆ ਗਿਆ।
ਜਦੋਂ ਉਹ ਲੜਕਾ ਰੇਲਵੇ ਮੰਤਰੀ ਦੇ ਤੌਰ ’ਤੇ ਉਸ ਪੁਲ ਕੋਲ ਪਹੁੰਚਿਆ ਤਾਂ ਉਹ ਬਹੁਤ ਦੇਰ ਪੁਲ ਦੇ ਕੋਲ ਏਧਰ ਓਧਰ ਟਹਿਲਦਾ ਰਿਹਾ। ਉਹ ਆਪਣੇ ਅਤੀਤ ਨੁੂੰ ਯਾਦ ਕਰਦਾ ਹੋਇਆ, ਆਪਣੇ ਵੱਲੋਂ ਕੀਤੇ ਇੱਕ ਨੇਕ ਕੰਮ ਅਤੇ ਰੇਲਗੱਡੀ ਵਿਚਲੇ ਲੋਕਾਂ ਦੀ ਜਾਨ ਬਚਾਉਣ ਲਈ ਕੀਤੀ ਸੇਵਾ ਨੂੰ ਵਾਰ ਵਾਰ ਯਾਦ ਕਰਦਾ। ਉਹ ਸਮਝ ਗਿਆ ਸੀ ਕਿ  ਅੱਜ ਉਹ ਸਭ ਕੁਝ ਸੇਵਾ ਅਤੇ ਭਲਾਈ ਦੇ ਕਾਰਨ ਹੈ। ਉਸ ਦਾ ਪਸ਼ੂਆਂ ਦਾ ਵਪਾਰੀ ਬਣਨਾ, ਪੜ੍ਹਾਈ ਕਰਨਾ ਅਤੇ ਫਿਰ ਮੰਤਰੀ ਬਣਨਾ ਕੋਈ ਸਬੱਬ ਨਹੀਂ ਸੀ, ਸਗੋਂ ਉਸਨੁੂੰ ਇਹ ਸਭ ਕੁਝ ਮਨੁੱਖਾਂ ਦੀ ਸੇਵਾ ਅਤੇ ਨੇਕ ਕੰਮ ਕਰਨ ਦਾ ਮੇਵਾ ਹੈ।

 

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top