Home / ਧਰਮ / ਲੋਕਸ਼ਕਤੀ ਦੀ ਜਿੱਤ ਦਾ ਪ੍ਰਤੀਕ- ਸ੍ਰੀ ਮੁਕਤਸਰ ਸਾਹਿਬ
ਲੋਕਸ਼ਕਤੀ ਦੀ ਜਿੱਤ ਦਾ ਪ੍ਰਤੀਕ- ਸ੍ਰੀ ਮੁਕਤਸਰ ਸਾਹਿਬ

ਲੋਕਸ਼ਕਤੀ ਦੀ ਜਿੱਤ ਦਾ ਪ੍ਰਤੀਕ- ਸ੍ਰੀ ਮੁਕਤਸਰ ਸਾਹਿਬ

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਦੀ ਵਿਸਾਖੀ ਵਾਲੇ ਦਿਨ ਖ਼ਾਲਸੇ ਦੀ ਸਿਰਜਣਾ ਨੇ ਉਸ ਵੇਲੇ ਦੇ ਮੁਗ਼ਲ ਸ਼ਾਸਕਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਭੈਅਭੀਤ ਕਰ ਦਿੱਤਾ। ਇਸ ਪਿੱਛੋਂ ਉਨ੍ਹਾਂ ਨੇ ਭਾਰੀ ਫ਼ੌਜਾਂ ਨਾਲ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਸ਼ਾਹੀ ਫ਼ੌਜਾਂ ਨੇ 1701 ਤੋਂ 1704 ਦੇ ਵਿਚਕਾਰ ਆਨੰਦਪੁਰ ਸਾਹਿਬ ਉੱਤੇ ਪੰਜ ਵਾਰ ਹਮਲਾ ਕੀਤਾ। ਚਾਰ ਲੜਾਈਆਂ ਵਿੱਚ ਸਿੰਘਾਂ ਨੇ ਵੈਰੀ ਦੇ ਦੰਦ ਖੱਟੇ ਕੀਤੇ। ਪੰਜਵੀਂ ਵਾਰ ਭਾਰੀ ਫ਼ੌਜ ਨਾਲ ਸ਼ਾਹੀ ਫ਼ੌਜਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜੋ ਛੇ ਮਹੀਨੇ ਲਗਾਤਾਰ ਚੱਲਦਾ ਰਿਹਾ। ਸ਼ਾਹੀ ਫ਼ੌਜ ਨੇ ਗੁਰੂ ਜੀ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਲੜਾਈ ਬੰਦ ਕਰ ਕੇ ਆਨੰਦਪੁਰ ਸਾਹਿਬ ਛੱਡ ਜਾਣ ਤਾਂ ਘੇਰਾ ਹਟਾ ਲਿਆ ਜਾਵੇਗਾ। ਸਿੰਘਾਂ ਦਾ ਫ਼ੈਸਲਾ ਮੰਨਦੇ ਹੋਏ ਗੁਰੂ ਜੀ ਪਰਿਵਾਰ ਅਤੇ ਸਿੰਘਾਂ ਨਾਲ ਕੀਰਤਪੁਰ ਵੱਲ ਤੁਰ ਪਏ। ਦੁਸ਼ਮਣ ਆਪਣੇ ਵਾਅਦੇ ਤੋਂ ਮੁਕਰ ਗਏ ਤੇ ਉਨ੍ਹਾਂ ਨੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਗੁਰੂ ਜੀ ਉਦੋਂ ਅੰਮ੍ਰਿਤ ਵੇਲੇ ਨਿਤਨੇਮ ਕਰ ਰਹੇ ਸਨ। ਅੱਗੇ ਸਿਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਵੈਰੀ ਨੂੰ ਰੋਕ ਕੇ ਰੱਖਣ ਲਈ ਸਿੰਘਾਂ ਦੇ ਛੋਟੇ ਜਥੇ ਬਣਾਏ ਗਏ ਤਾਂ ਜੋ ਗੁਰੂ ਜੀ ਨਿਤਨੇਮ ਪੂਰਾ ਕਰ ਲੈਣ। ਗੁਰੂ ਜੀ ਦਾ ਸਾਰਾ ਪਰਿਵਾਰ ਨਿੱਖੜ ਗਿਆ। ਜਦੋਂ ਗੁਰੂ ਜੀ ਨੇ ਨਦੀ ਪਾਰ ਕੀਤੀ ਤਾਂ ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਡੇਢ ਸੌ ਦੇ ਕਰੀਬ ਸਿੰਘ ਰਹਿ ਗਏ। ਜਦੋਂ ਗੁਰੂ ਜੀ ਰੋਪੜ ਪੁੱਜੇ ਤਾਂ ਉਨ੍ਹਾਂ ਉੱਤੇ ਮੁੜ ਹਮਲਾ ਹੋ ਗਿਆ। ਗੁਰੂ ਜੀ ਨੇ ਬਹਾਦਰੀ ਨਾਲ ਵੈਰੀਆਂ ਦਾ ਸਾਹਮਣਾ ਕੀਤਾ ਤੇ ਉਨ੍ਹਾਂ ਨੂੰ ਪਛਾੜਿਆ। ਇੱਥੋਂ ਚੱਲ ਕੇ ਗੁਰੂ ਜੀ ਚਮਕੌਰ ਪੁੱਜੇ। ਉਨ੍ਹਾਂ ਨਾਲ ਕੇਵਲ 40 ਸਿੰਘ ਹੀ ਰਹਿ ਗਏ, ਬਾਕੀ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਉਸ ਸੱਤ ਪੋਹ ਵਾਲੇ ਦਿਨ ਕੜਾਕੇ ਦੀ ਠੰਢ ਪੈ ਰਹੀ ਸੀ। ਇੱਥੇ ਗੁਰੂ ਜੀ ਨੇ ਇੱਕ ਵੱਡੀ ਹਵੇਲੀ ਵਿੱਚ ਟਿਕਾਣਾ ਕੀਤਾ ਜਿਸ ਨੂੰ ‘ਗੜ੍ਹੀ’ ਆਖਿਆ ਜਾਂਦਾ ਹੈ। ਸ਼ਾਹੀ ਫ਼ੌਜਾਂ ਪਿੱਛਾ ਕਰਦੀਆਂ ਇੱਥੇ ਵੀ ਪੁੱਜ ਗਈਆਂ ਅਤੇ ਗੜ੍ਹੀ ਨੂੰ ਘੇਰਾ ਪਾ ਲਿਆ। ਸਿੰਘਾਂ ਨੇ ਇਸ ਹਮਲੇ ਦਾ ਮੁਕਾਬਲਾ ਕੀਤਾ ਪਰ ਦੁਪਹਿਰ ਤਕ ਸਿੰਘਾਂ ਦੇ ਤੀਰ ਤੇ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਤਲਵਾਰਾਂ ਨਾਲ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ ਗਿਆ। ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਗਏ। ਦੋ ਜਥਿਆਂ ਦੇ ਸਰਦਾਰ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਥਾਪੇ ਗਏ। ਉਸ ਵੇਲੇ ਬਾਬਾ ਅਜੀਤ ਸਿੰਘ ਦੀ ਉਮਰ 17 ਸਾਲ ਅਤੇ ਬਾਬਾ ਜੁਝਾਰ ਸਿੰਘ ਦੀ 15 ਸਾਲ ਸੀ। ਸਿੰਘਾਂ ਦਾ ਜਥਾ ਜੈਕਾਰੇ ਬੁਲਾਉਂਦਾ ਬਿਜਲੀ ਵਾਂਗ ਵੈਰੀ ਉੱਤੇ ਟੁੱਟ ਪੈਂਦਾ ਅਤੇ ਅਨੇਕਾਂ ਵੈਰੀਆਂ ਦੇ ਆਹੂ ਲਾਹੁੰਦਾ ਹੋਇਆ ਸ਼ਹੀਦੀ ਜਾਮ ਪੀ ਲੈਂਦਾ। ਵਾਰੀ ਆਉਣ ’ਤੇ ਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਅਸ਼ੀਰਵਾਦ ਦੇ ਕੇ ਜੰਗ-ਏ-ਮੈਦਾਨ ਵਿੱਚ ਤੋਰਿਆ। ਪੁੱਤਰ ਦੀ ਬਹਾਦਰੀ ਨੂੰ ਆਪ ਗੜ੍ਹੀ ਦੀ ਕੰਧ ’ਤੇ ਖੜ੍ਹੇ ਹੋ ਕੇ ਵੇਖ ਰਹੇ ਸਨ। ਜਦੋਂ ਸਾਹਿਬਜ਼ਾਦੇ ਨੇ ਸ਼ਹੀਦੀ ਜਾਮ ਪੀਤਾ ਤਾਂ ਆਪ ਨੇ ਰੱਬ ਦਾ ਸ਼ੁਕਰ ਕੀਤਾ ਅਤੇ ਛੋਟੇ ਸਾਹਿਬਜ਼ਾਦੇ ਨੂੰ ਵੀ ਜੰਗ ਵਿੱਚ ਭੇਜ ਦਿੱਤਾ। ਸਾਹਿਬਜ਼ਾਦੇ ਜੁਝਾਰ ਸਿੰਘ ਨੇ ਫੁਰਤੀ ਅਤੇ ਸਿਆਣਪ ਨਾਲ ਯੁੱਧ ਕੀਤਾ। ਰਾਤ ਪੈਣ ਤਕ ਛੋਟੇ ਸਾਹਿਬਜ਼ਾਦੇ ਨੇ ਵੀ ਸ਼ਹੀਦੀ ਪ੍ਰਾਪਤ ਕਰ ਲਈ।
ਰਾਤ ਨੂੰ ਖ਼ਾਲਸੇ ਦਾ ਹੁਕਮ ਮੰਨ ਕੇ ਗੁਰੂ ਜੀ ਤਿੰਨ ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲ ਗਏ। ਬਾਕੀ ਸਿੰਘਾਂ ਨੇ ਸ਼ਾਹੀ ਫ਼ੌਜਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਰਾਹ ਦੇ ਦੁੱਖਾਂ ਤਕਲੀਫ਼ਾਂ ਨੂੰ ਝੱਲਦੇ ਹੋਏ ਖਿਦਰਾਣੇ ਦੀ ਢਾਬ ਪੁੱਜੇ, ਜਿਸ ਨੂੰ ਹੁਣ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ। ਉਦੋਂ ਤਕ ਵਿਛੜੇ ਕੁਝ ਸਾਥੀ ਅਤੇ ਇਲਾਕੇ ਦੀ ਸੰਗਤ ਉਨ੍ਹਾਂ ਦੇ ਨਾਲ ਹੋ ਗਈ। ਜ਼ਾਲਮ ਫ਼ੌਜ ਵੀ ਪਿੱਛਾ ਕਰਦੀ ਇੱਥੇ ਪੁੱਜ ਗਈ। ਘਮਸਾਣ ਦਾ ਯੁੱਧ ਹੋਇਆ। ਮਰਜੀਵੜਿਆਂ ਦੀ ਥੋੜ੍ਹੀ ਜਿਹੀ ਗਿਣਤੀ ਨੇ ਸ਼ਾਹੀ ਫ਼ੌਜਾਂ ਨੂੰ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ।
ਇਸੇ ਯੁੱਧ ਵਿੱਚ ਉਨ੍ਹਾਂ ਚਾਲੀ ਸਿੰਘਾਂ ਨੇ ਵੀ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਆਨੰਦਪੁਰ ਸਾਹਿਬ ਤੋਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ। ਘਰੋਂ ਔਰਤਾਂ ਤੋਂ ਪਈ ਫਿਟਕਾਰ ਨੇ ਉਨ੍ਹਾਂ ਦੀ ਜ਼ਮੀਰ ਨੂੰ ਝੰਜੋੜਿਆ ਤੇ ਉਹ ਗੁਰੂ ਜੀ ਲਈ ਆਪਾ ਵਾਰ ਗਏ। ਲੜਾਈ ਖ਼ਤਮ ਹੋਣ ਪਿੱਛੋਂ ਜਦੋਂ ਗੁਰੂ ਜੀ ਜ਼ਖ਼ਮੀ ਤੇ ਸ਼ਹੀਦ ਹੋਏ ਸਿੰਘਾਂ ਨੂੰ ਦੇਖ ਰਹੇ ਸਨ ਤਾਂ ਇਸ ਜਥੇ ਦੇ ਜਥੇਦਾਰ ਭਾਈ ਮਹਾਂ ਸਿੰਘ ਅਜੇ ਆਖ਼ਰੀ ਸਾਹ ਲੈ ਰਹੇ ਸਨ। ਗੁਰੂ ਜੀ ਨੇ ਉਨ੍ਹਾਂ ਦਾ ਸਿਰ ਆਪਣੀ ਗੋਦੀ ਵਿੱਚ ਰਖਦਿਆਂ ਭਾਈ ਸਾਹਿਬ ਤੋਂ ਉਸ ਦੀ ਆਖ਼ਰੀ ਇੱਛਾ ਪੁੱਛੀ। ਭਾਈ ਮਹਾਂ ਸਿੰਘ ਨੇ ਰੁਕਦੇ ਸਾਹਾਂ ਨਾਲ ਬੇਨਤੀ ਕੀਤੀ, ‘ਹੇ ਸੱਚੇ ਪਾਤਸ਼ਾਹ ਸਾਡੀ ਭੁੱਲ ਬਖਸ਼ ਦੇਵੋ ਜੇਕਰ ਤੁਠੇ ਹੋ ਤਾਂ ਸਾਡਾ ਬੇਦਾਵਾ ਪਾੜ ਕੇ ਸਾਨੂੰ ਸਵੀਕਾਰ ਕਰੋ।’ ਏਨੀਆਂ ਮੁਸੀਬਤਾਂ ਤੋਂ ਲੰਘਦਿਆਂ ਜਦੋਂ ਸਾਰਾ ਕੁਝ ਹੀ ਗਵਾਚ ਗਿਆ ਸੀ ਉਦੋਂ ਵੀ ਗੁਰੂ ਜੀ ਨੇ ਉਸ ਬੇਦਾਵੇ ਨੂੰ ਸਾਂਭ ਕੇ ਰੱਖਿਆ। ਗੁਰੂ ਜੀ ਨੇ ਉਸ ਬੇਦਾਵੇ ਨੂੰ ਪਾੜਦੇ ਹੋਇਆਂ ਬਚਨ ਕੀਤੇ, ‘ਭਾਈ ਮਹਾਂ ਸਿੰਘ ਜੀ ਤੁਸੀਂ ਤੇ ਤੁਹਾਡੇ ਸਾਥੀ ਇਸ ਬੰਧਨ ਤੋਂ ਮੁਕਤ ਹੋਏ। ਤੁਸੀਂ ਮੇਰੇ ਮੁਕਤੇ ਹੋ।’ ਇੰਝ ਇਹ ਚਾਲੀ ਸਿੰਘ ਹਮੇਸ਼ਾਂ ਲਈ ਅਮਰ ਹੋ ਗਏ। ਸਿੱਖ ਅਰਦਾਸ ਕਰਦੇ ਸਮੇਂ ਚਾਲੀ ਮੁਕਤਿਆਂ ਦਾ ਧਿਆਨ ਜ਼ਰੂਰ ਧਰਦੇ ਹਨ। ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਰਸੋਈਏ ਗੰਗੂ ਨਾਲ ਸਨ। ਉਸ ਨੇ ਲਾਲਚ ਵਿੱਚ ਆ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਸੂਬਾ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਤਸੀਹੇ ਤੇ ਲਾਲਚ ਦਿੱਤੇ ਤਾਂ ਜੋ ਉਹ ਇਸਲਾਮ ਕਬੂਲ ਕਰ ਲੈਣ। ਜਦੋਂ ਉਨ੍ਹਾਂ ਇਸਲਾਮ ਕਬੂਲਣ ਤੋਂ ਨਾਂਹ ਕਰ ਦਿੱਤੀ ਤਾਂ ਉਨ੍ਹਾਂ ਨੂੰ ਸੂਬਾ ਸਰਹਿੰਦ ਨੇ ਕੰਧ ਵਿੱਚ ਜ਼ਿੰਦਾ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ। ਇੱਥੇ ਹੀ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ।
ਮੌਕੇ ਦੀ ਹਕੂਮਤ ਨੂੰ ਯਕੀਨ ਸੀ ਕਿ ਗੁਰੂ ਜੀ ਦਾ ਸਰਬੰਸ ਕੁਰਬਾਨ ਹੋ ਚੁੱਕਾ ਹੈ, ਉਨ੍ਹਾਂ ਦੀ ਫ਼ੌਜ ਵੀ ਸ਼ਹੀਦ ਹੋ ਗਈ ਹੈ। ਹੁਣ ਲੋਕੀਂ ਡਰ ਜਾਣਗੇ ਤੇ ਸਹਿਮ ਦੇ ਇਸ ਸਾਏ ਅਧੀਨ ਗੁਰੂ ਜੀ ਤੋਂ ਮੁੱਖ ਮੋੜ ਲੈਣਗੇ ਪਰ ਇਸ ਜ਼ੁਲਮ ਨੇ ਲੋਕਾਂ ਦੇ ਗੁੱਸੇ ਨੂੰ ਜਗਾਇਆ। ਉਨ੍ਹਾਂ ਨੇ ਖਿਦਰਾਣੇ ਦੀ ਢਾਬ ਗੁਰੂ ਜੀ ਤੇ ਹਮਲਾ ਕਰ ਰਹੀ ਸ਼ਾਹੀ ਫ਼ੌਜ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਲੋਕ ਰੋਹ ਅੱਗੇ ਸ਼ਾਹੀ ਫ਼ੌਜ ਦੀਆਂ ਤੋਪਾਂ ਵੀ ਬੇਕਾਰ ਹੋ ਗਈਆਂ ਤੇ ਫ਼ੌਜ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਇਸ ਹਾਰ ਪਿੱਛੋਂ ਸ਼ਾਹੀ ਫ਼ੌਜ ਨੇ ਮੁੜ ਗੁਰੂ ਜੀ ਉੱਤੇ ਹਮਲਾ ਕਰਨ ਦੀ ਕਦੇ ਹਿੰਮਤ ਨਹੀਂ ਕੀਤੀ।
ਗੁਰੂ ਨਾਨਕ ਸਾਹਿਬ ਨੇ ਜਬਰ ਜ਼ੁਲਮ ਵਿਰੁੱਧ ਆਪਣੇ ਆਪ ਨੂੰ ਨਿਮਾਣੇ ਸਮਝ ਸਿਰ ਨੀਵਾਂ ਕਰ ਕੇ ਜਬਰ ਤੇ ਜ਼ੁਲਮ ਝੱਲ ਰਹੇ ਲੋਕਾਂ ਵਿੱਚ ਹੱਕਾਂ ਦੀ ਰਾਖੀ ਲਈ ਸੰਘਰਸ਼ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ, ਉਸ ਦੀ ਸੰਪੂਰਨਤਾ ਖਿਦਰਾਣੇ ਦੀ ਢਾਬ, ਜਿਸ ਨੂੰ ਹੁਣ ਮੁਕਤਸਰ ਸਾਹਿਬ ਆਖਿਆ ਜਾਂਦਾ ਹੈ, ਵਿੱਚ ਹੋਈ। ਇਸ ਧਰਤੀ ’ਤੇ ਜਬਰ ਜ਼ੁਲਮ ਤੋਂ ਲੋਕਾਈ ਨੇ ਆਪਣੀ ਸ਼ਕਤੀ ਨਾਲ ਮੁਕਤੀ ਪ੍ਰਾਪਤ ਕੀਤੀ ਸੀ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top