Home / ਸਾਹਿਤ / ਭੀੜ ਵਿੱਚ ਇਕੱਲਤਾ ਦਾ ਆਨੰਦ
ਭੀੜ ਵਿੱਚ ਇਕੱਲਤਾ ਦਾ ਆਨੰਦ

ਭੀੜ ਵਿੱਚ ਇਕੱਲਤਾ ਦਾ ਆਨੰਦ

ਭੀੜ ਕਿਸੇ ਖ਼ਾਸ ਪ੍ਰਸਥਿਤੀ ਵਿੱਚ ਲੋਕਾਂ ਦਾ ਅਜਿਹਾ ਇਕੱਠ ਹੈ ਜਿਸ ਵਿੱਚ ਵਿਅਕਤੀ ਦਾ ਨਿੱਜ ਖਾਰਜ ਹੋ ਜਾਂਦਾ ਹੈ ਅਤੇ ਇੱਕ ਸਮੂਹਿਕ ਸੋਚ ਦਾ ਨਿਰਮਾਣ ਹੁੰਦਾ ਹੈ ਜਿਹੜੀ ਇੱਕ ਅਦਿਖ ਦਿਸ਼ਾ ਵੱਲ ਵੱਧਦੀ ਹੈ। ਭੀੜ ਆਵੇਗ ਦਾ ਹੜ੍ਹ ਹੁੰਦੀ ਹੈ। ਭੀੜ ਦੀ ਸਮੂਹਿਕ ਚੇਤਨਾ ਆਪਣੀ ਚਰਮ ਸੀਮਾ ’ਤੇ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਭੀੜ ਵਿੱਚ ਇਕੱਲੇ ਰਹਿਣ ਦਾ ਆਪਣਾ ਹੀ ਆਨੰਦ ਹੈ। ਕਵੀ ਲਈ ਇਹ ਸਿਰਜਣਾਤਮਕ ਛਿਣ ਹੁੰਦਾ ਹੈ। ਇਹ ਉਹ ਸਥਿਤੀ ਹੁੰਦੀ ਹੈ ਜਦ ਆਦਮੀ ਭੀੜ ਦੇ ਰੌਲੇ ਨੂੰ ਸੁਣ ਨਹੀਂ ਰਿਹਾ ਹੁੰਦਾ ਬਲਕਿ ਨਕਾਰ ਰਿਹਾ ਹੁੰਦਾ ਹੈ। ਇਸ ਸਥਿਤੀ ਵਿੱਚ ਆਦਮੀ ਸ਼ਾਂਤੀ ਨਾਲ ਭਰ ਜਾਂਦਾ ਹੈ, ਪਰ ਆਮ ਆਦਮੀ ਦੇ ਭੀੜ ਵਿੱਚ ਇਕੱਲੇ ਰਹਿਣ ਦੇ ਵੱਖਰੇ ਅਰਥ ਹੁੰਦੇ ਹਨ। ਗ਼ਰੀਬ ਆਦਮੀ ਹਰ ਭੀੜ ਵਿੱਚ ਇਕੱਲਾ ਹੁੰਦਾ ਹੈ। ਉਸ ਦੁਆਲੇ ਲੋੜਾਂ ਤੇ ਥੁੜਾਂ ਦੀ ਭੀੜ ਹੁੰਦੀ ਹੈ। ਬੇਰੁਜ਼ਗਾਰ ਲੋਕਾਂ ਦੁਆਲੇ ਕੰਮਾਂ ਦੀ ਭੀੜ ਅਤੇ ਆਸ਼ਕਾਂ ਦੁਆਲੇ ਸੁਪਨਿਆਂ ਦੀ ਭੀੜ ਹੁੰਦੀ ਹੈ। ਨੇਤਾਵਾਂ ਦੁਆਲੇ ਚਮਚਿਆਂ ਦੀ ਭੀੜ ਅਕਸਰ ਵੇਖੀ ਜਾ ਸਕਦੀ ਹੈ।
ਭੀੜ ਵਿੱਚ ਗੁਆਚਣ ਦਾ ਆਪਣਾ ਮਜ਼ਾ ਹੈ। ਇਹ ਅਹਿਸਾਸ ਕਿ ਕੋਈ ਤੁਹਾਨੂੰ ਲੱਭ ਰਿਹਾ ਹੋਵੇਗਾ, ਗੁਆਚਣ ਨੂੰ ਰੁਮਾਂਚਿਕ ਬਣਾ ਦਿੰਦਾ ਹੈ। ਭੀੜ ਵਿੱਚ ਜੇ ਕੋਈ ਆਪਣਾ ਮਿਲ ਪਵੇ ਤਾਂ ਅਣਚਾਹੀ ਖ਼ੁਸ਼ੀ ਹੁੰਦੀ ਹੈ। ਜੇ ਮਿਲਣ ਵਾਲਾ ਬਚਪਨ ਦੀਆਂ ਦੋਸਤੀਆਂ ਦਾ ਹਾਸਲ ਹੋਵੇ ਤਾਂ ਮਿਲਣਾ ਸੁਪਨੇ ਦੇ ਸੱਚ ਹੋਣ ਵਰਗਾ ਹੋ ਜਾਂਦਾ ਹੈ। ਹਰ ਭੀੜ ਦੇ ਵੱਖਰੇ ਵੱਖਰੇ ਨਕਸ਼ ਹੁੰਦੇ ਹਨ। ਮੇਲੇ ਦੀ ਭੀੜ ਹਸਪਤਾਲ ਦੀ ਭੀੜ ਨਾਲੋਂ ਅਲੱਗ ਹੁੰਦੀ ਹੈ। ਮੇਲੇ ਦੀ ਭੀੜ ਦੇ ਚਿਹਰੇ ’ਤੇ ਰੌਣਕ ਹੁੰਦੀ ਹੈ। ਵਿਵਹਾਰ ਵਿੱਚ ਲਾੜਾ ਬਣੇ ਮੁੰਡੇ ਦਾ ਚਾਅ ਹੁੰਦਾ ਹੈ। ਹਰ ਉਮਰ ਜਵਾਨੀ ਹੰਢਾਉਂਦੀ ਪ੍ਰਤੀਤ ਹੁੰਦੀ ਹੈ। ਹਸਪਤਾਲ ਦੀ ਭੀੜ ਪੀੜਤ ਮੁਹਾਂਦਰੇ ਵਾਲੀ ਹੁੰਦੀ ਹੈ। ਇਸ ਭੀੜ ਵਿੱਚ ਹਰ ਕਿਸੇ ਨੂੰ ਆਪਣਾ ਦੁੱਖ ਦੂਜੇ ਨਾਲੋਂ ਵੱਡਾ ਲੱਗਦਾ ਹੈ। ਅੱਖਾਂ ਵਿੱਚ ਇੱਕ ਆਸ ਹੁੰਦੀ ਹੈ ਅਤੇ ਵਿਵਹਾਰ ਵਿੱਚ ਨਿਮਰਤਾ। ਸਿਨਮਾ ਦੀ ਭੀੜ ਵਿੱਚ ਧੱਕਾ ਮੁੱਕੀ ਕਰਨ ਵਾਲਿਆਂ ਦੀ ਦਹਿਸ਼ਤ ਹੁੰਦੀ ਹੈ। ਬਾਜ਼ਾਰ ਦੀ ਭੀੜ ਵਿੱਚ ਖ਼ਰੀਦੋ ਫ਼ਰੋਖ਼ਤ ਕਰਨ ਵਾਲਿਆਂ ਦੇ ਰਲੇ ਮਿਲੇ ਭਾਵ ਹੁੰਦੇ ਹਨ। ਸਮਾਨ ਖ਼ਰੀਦਣ ਗਏ ਬਹੁਤੇ ਲੋਕ ਆਪ ਵਿਕ ਕੇ ਘਰ ਪਰਤਦੇ ਹਨ, ਪਰ ਮੰਡੀ ਉਨ੍ਹਾਂ ਨੂੰ ਇਹ ਅਹਿਸਾਸ ਵੀ ਨਹੀਂ ਹੋਣ ਦਿੰਦੀ ਕਿ ਉਹ ਵਿਕ ਗਏ ਹਨ। ਵਪਾਰਕ ਮੇਲਿਆਂ ਵਿੱਚ ਮੱਧਵਰਗੀ ਚਿਹਰਿਆਂ ਦੀ ਭੀੜ ਖ਼ਰੀਦਦਾਰੀ ਕਰਨਾ ਆਪਣਾ ਸਟੇਟਸ ਸਮਝਦੀ ਹੈ।
ਭੀੜ ਦਾ ਵਿਵਹਾਰ ਇਕੱਲੇ ਵਿਅਕਤੀ ਦੇ ਵਿਵਹਾਰ ਨਾਲੋਂ ਅਲੱਗ ਹੁੰਦਾ ਹੈ। ਲੋਕਾਂ ਦਾ ਜਿਹੜਾ ਹਜੂਮ ਸੋਚਣਾ ਬੰਦ ਕਰ ਦੇਵੇ, ਉਹ ਭੀੜ ਬਣ ਜਾਂਦਾ ਹੈ। ਭੀੜ ਵਿੱਚ ਭਗਦੜ ਮਚਣ ਦਾ ਡਰ ਅਤੇ ਹਿੰਸਕ ਹੋਣ ਦਾ ਖ਼ਤਰਾ ਹਮੇਸ਼ਾਂ ਬਣਿਆ ਰਹਿੰਦਾ ਹੈ। ਭੀੜ ਦਾ ਕੋਈ ਆਗੂ ਨਹੀਂ ਹੁੰਦਾ। ਭੀੜ ਨੂੰ ਗਿਣ ਮਿੱਥਕੇ ਵੀ ਹਿੰਸਕ ਕੀਤਾ ਜਾਂਦਾ ਹੈ। ਰਾਜਨੇਤਾਵਾਂ ਦੇ ਹੱਥ ਵਿੱਚ ਇਹ ਇੱਕ ਹੋਛਾ ਹਥਿਆਰ ਹੈ। ਹਿੰਸਕ ਭੀੜ ਦੀ ਆਪਣੀ ਕੋਈ ਸੋਚ ਨਹੀਂ ਹੁੰਦੀ। ਭੀੜ ਕੁਝ ਲੋਕਾਂ ਨੂੰ ਆਨੰਦ ਦਿੰਦੀ ਹੈ। ਉਹ ਭੀੜ ਦਾ ਹਿੱਸਾ ਬਣਨਾ ਚਾਹੁੰਦੇ ਹਨ। ਉਨ੍ਹਾਂ ਦੀ ਇਕੱਲਿਆਂ ਦੀ ਕੋਈ ਹੋਂਦ ਨਹੀਂ ਹੁੰਦੀ। ਜਿਨ੍ਹਾਂ ਥਾਵਾਂ ’ਤੇ ਪਹੁੰਚਣ ਲਈ ਖ਼ਤਰੇ ਮੁੱਲ ਲੈਣੇ ਪੈਂਦੇ ਹਨ, ਹਿੰਮਤ ਅਤੇ ਸਾਹਸ ਦੀ ਲੋੜ ਹੁੰਦੀ ਹੈ, ਉੱਥੇ ਭੀੜ ਨਹੀਂ ਹੁੰਦੀ। ਕੁਝ ਲੋਕਾਂ ਨੂੰ ਭੀੜ ਤੋਂ ਡਰ ਲੱਗਦਾ ਹੈ। ਉਹ ਅਜਿਹੀਆਂ ਥਾਵਾਂ ਤੋਂ ਦੂਰ ਰਹਿਣਾ ਚਾਹੁੰਦੇ ਹਨ ਜਿੱਥੇ ਭੀੜ ਹੋਵੇ। ਉਹ ਸ਼ਾਂਤ ਸੁਭਾਅ ਦੇ ਮਾਲਕ ਹੁੰਦੇ ਹਨ। ਉਂਜ ਭੀੜ ਦਾ ਵਿਵਹਾਰ ਅਗਵਾਈ ਕਰ ਰਹੇ ਵਿਅਕਤੀ   ਉੱਪਰ ਵੀ ਨਿਰਭਰ ਕਰਦਾ ਹੈ। ਕਿਸੇ ਅਸਲ ਧਾਰਮਿਕ ਵਿਅਕਤੀ ਦੀ ਅਗਵਾਈ ਵਿੱਚ ਜੁੜੀ ਭੀੜ ਕੋਲੋਂ ਕਿਸੇ ਭਲੇ ਕੰਮ ਦੀ ਆਸ ਵੀ ਕੀਤੀ ਜਾ ਸਕਦੀ ਹੈ, ਪਰ ਅਜਿਹਾ ਘੱਟ ਹੁੰਦਾ ਹੈ।
ਸਮਕਾਲੀ ਵਰਤਾਰੇ ਵਿੱਚ ਵਿਆਹ ਸ਼ਾਦੀ ਜਾਂ ਹੋਰ ਸਮਾਗਮਾਂ ਮੌਕੇ ਵੀ ਭੀੜ ਵਰਗੀ ਰੌਣਕ ਹੁੰਦੀ ਹੈ। ਖਾਣਾ ਸ਼ੁਰੂ ਹੁੰਦਿਆਂ ਹੀ ਭੀੜ ਟੁੱਟਕੇ ਪੈ ਜਾਂਦੀ ਹੈ। ਅੱਧੇ ਘੰਟੇ ਬਾਅਦ ਸਮਾਗਮ ਵਾਲੀ ਥਾਂ ਸਿਰਫ਼ ਮਹਿਮਾਨ ਬਚਦੇ ਹਨ, ਭੀੜ ਜਾ ਚੁੱਕੀ ਹੁੰਦੀ ਹੈ। ਅਜੋਕੇ ਸੁਖ ਸਹੂਲਤਾਂ ਮਾਣ ਰਹੇ ਮਨੁੱਖ ਕੋਲ ਮਨ ਦਾ ਚੈਨ ਨਹੀਂ ਹੈ, ਜੀਵਨ ਵਿੱਚ ਸ਼ਾਂਤੀ ਅਤੇ ਸਹਿਜ ਨਹੀਂ ਹੈ। ਅੱਜ ਮਨੁੱਖ ਨੂੰ ਆਪਣੇ ਕੋਲ ਪਰਤਣ ਦੀ ਲੋੜ ਹੈ। ਇਕੱਲਿਆਂ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰਨ ਦੀ ਲੋੜ ਹੈ। ਉਸਨੂੰ ਲੋੜ ਹੈ ਕਿ ਉਹ ਵਿਹਲ ਨੂੰ ਆਪਣੇ ਆਪ ਲਈ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਵਰਤੇ। ਉਸਨੂੰ ਭੀੜ ਤੋਂ ਦੂਰ ਰਹਿਣ ਦੀ ਜਾਚ ਸਿੱਖਣੀ ਪੈਣੀ ਹੈ। ਸਾਨੂੰ ਅਜਿਹੇ ਸਬੱਬ ਨਹੀਂ ਬਣਾਉਣੇ ਚਾਹੀਦੇ ਜਿੱਥੇ ਭੀੜ ਜੁੜੇ, ਬਲਕਿ ਅਜਿਹੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਜਿੱਥੇ ਮਨ ਜੁੜਨ, ਮੋਹ ਭਿੱਜੀਆਂ ਤੱਕਣੀਆਂ ਦੀ ਭੀੜ ਹੋਵੇ, ਅਪਣੱਤ ਭਰੇ ਬੋਲਾਂ ਦਾ ਸ਼ੋਰ ਹੋਵੇ। ਸਾਨੂੰ ਸੋਚਣਾ ਪੈਣਾ ਹੈ ਕਿ ਅਸੀਂ ਭੀੜ ਵਿੱਚ ਗੁਆਚਣਾ ਹੈ ਜਾਂ ਭੀੜ ਵਿੱਚੋਂ ਆਪਣੇ ਆਪ ਨੂੰ ਲੱਭਣਾ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top