Home / ਘਰ-ਪਰਿਵਾਰ / ਬੀਤਿਆ ਬੁਝਾਰਤਾਂ ਦਾ ਵੇਲਾ
ਬੀਤਿਆ ਬੁਝਾਰਤਾਂ ਦਾ ਵੇਲਾ

ਬੀਤਿਆ ਬੁਝਾਰਤਾਂ ਦਾ ਵੇਲਾ

ਪੁਰਾਤਨ ਸਮਿਆਂ ਵਿੱਚ ਅੱਜ ਵਰਗੇ ਮੰੰਨੋਰੰਜਨ ਦੇ ਸਾਧਨ ਨਹੀਂ ਸਨ। ਬਜ਼ੁਰਗਾਂ ਦੀਆਂ ਕਹਾਣੀਆਂ ਅਤੇ ਬੁਝਾਰਤਾਂ ਹੀ ਬੱਚਿਆਂ ਲਈ ਮੰਨੋਰੰਜਨ ਦਾ ਸਾਧਨ ਸਨ। ਸਰਦੀਆਂ ਦੀ ਰੁੱਤ ਦੌਰਾਨ ਸ਼ਾਮ ਨੂੰ ਬੱਚੇ ਜਲਦੀ ਜਲਦੀ ਰੋਟੀ ਖਾ ਕੇ ਬਜ਼ੁਰਗਾਂ ਕੋਲ ਰਜਾਈਆਂ ਵਿੱਚ ਜਾ ਵੜਦੇ ਅਤੇ ਨਵੀਆਂ-ਨਵੀਆਂ ਬੁਝਾਰਤਾਂ ਅਤੇ ਕਹਾਣੀਆਂ ਸੁਣਾਉਣ ਲਈ ਕਹਿੰਦੇ। ਉਨ੍ਹਾਂ ਸਮਿਆਂ ਵਿੱਚ ਸੌਣ ਲਈ ਅੱਜ ਵਾਂਗ ਵੱਖਰੇ-ਵੱਖਰੇ ਕਮਰੇ ਅਤੇ ਬੈੱਡ ਨਹੀਂ ਸਨ ਹੁੰਦੇ। ਪਰਿਵਾਰ ਦੇ ਸਾਰੇ ਜੀਅ ਤਕਰੀਬਨ ਇੱਕੋ ਕਮਰੇ ਜਿਸ ਨੂੰ ‘ਸਬਾਤ’ ਕਿਹਾ ਜਾਂਦਾ ਸੀ ਵਿੱਚ ਸੌਂਦੇ ਸਨ। ਚੁੱਲ੍ਹੇ ਚੌਂਕੇ ਦਾ ਕੰਮ ਨਿਬੇੜ ਕੇ ਸੁਆਣੀਆਂ ਅਤੇ ਡੰਗਰ ਪਸ਼ੂਆਂ ਦੀ ਸਾਂਭ ਸੰਭਾਲ ਦਾ ਕੰਮ ਨਿਬੇੜ ਕੇ ਘਰ ਦੇ ਪੁਰਸ਼ ਵੀ ਉਸੇ ਸਬਾਤ ਵਿੱਚ ਬੁਜ਼ਰਗਾਂ ਕੋਲ ਆ ਬੈਠਦੇ ਸਨ। ਫਿਰ ਗੱਲਬਾਤਾਂ ਅਤੇ ਬੁਝਾਰਤਾਂ-ਕਹਾਣੀਆਂ ਦਾ ਅਜਿਹਾ ਸਿਲਸਿਲਾ ਸ਼ੁਰੂ ਹੁੰਦਾ ਜੋ ਦੇਰ ਰਾਤ ਤਕ ਚੱਲਦਾ ਰਹਿੰਦਾ। ਪਰਿਵਾਰ ਦੇ ਸਾਰੇ ਜੀਅ ਰਲ ਕੇ ਬੁਝਾਰਤਾਂ ਪਾਉਂਦੇ ਅਤੇ ਬੁੱਝਦੇ ਸਨ। ਬਜ਼ੁਰਗਾਂ ਕੋਲ ਬੁਝਾਰਤਾਂ ਅਤੇ ਕਹਾਣੀਆਂ ਦਾ ਵੱਡਾ ਭੰਡਾਰ ਹੁੰਦਾ ਸੀ। ਉਨ੍ਹਾਂ ਦੀਆਂ ਬੁਝਾਰਤਾਂ ਜਿੱਥੇ ਬੱਚਿਆਂ ਦੀ ਭਰਵੀਂ ਦਿਮਾਗ਼ੀ ਕਸਰਤ ਕਰਾਉਂਦੀਆਂ ਸਨ, ਉੱਥੇ ਕਹਾਣੀਆਂ ਅੰਦਰ ਇਤਿਹਾਸਕ, ਧਾਰਮਿਕ ਅਤੇ ਹੋਰ ਜਾਣਕਾਰੀ ਦਾ ਵੱਡਾ ਖ਼ਜ਼ਾਨਾ ਹੁੰਦਾ ਸੀ। ਬੁਝਾਰਤਾਂ ਵਿੱਚ ਇੱਕ ਸੁਆਲ ਹੁੰਦਾ ਸੀ, ਜਿਸ ਨੂੰ ਬੁੱਝਣ ਲਈ ਬੱਚੇ ਬਹੁਤ ਕੋਸ਼ਿਸ਼ ਕਰਦੇ ਸਨ। ਬੱਚੇ ਕਈ ਵਾਰ ਬੁਝਾਰਤ ਦਾ ਸਹੀ ਜਵਾਬ ਦੇ ਕੇ ਬੁਝਾਰਤ ਨੂੰ ਬੁੱਝਣ ਵਿੱਚ ਕਾਮਯਾਬ ਹੋ ਜਾਂਦੇ ਸਨ, ਕਈ ਵਾਰ ਵੱਡੇ ਉਨ੍ਹਾਂ ਨੂੰ ਬੁਝਾਰਤ ਦੇ ਜਵਾਬ ਦਾ ਹਿੰਟ ਵੀ ਦੇ ਦਿੰਦੇ ਸਨ ਅਤੇ ਕਈ ਵਾਰ ਬੱਚੇ ਬੁੱਝਣ ਤੋਂ ਅਸਮੱਰਥ ਵੀ ਹੋ ਜਾਂਦੇ ਸਨ। ਬੁਝਾਰਤ ਬੁੱਝਣ ਤੋਂ ਅਸਮੱਰਥ ਬੱਚੇ ‘ਭਿਆਂ’ ਕਹਿ ਕੇ ਆਪਣੀ ਅਸਮੱਰਥਤਾ ਜ਼ਾਹਰ ਕਰਦੇ ਸਨ। ਭਿਆਂ ਕਰਾਉਣ ਤੋਂ ਬਾਅਦ ਬੁਝਾਰਤ ਪਾਉਣ ਵਾਲਾ ਹੀ ਬੁਝਾਰਤ ਦਾ ਸਹੀ ਜਵਾਬ ਦਿੰਦਾ ਹੁੰਦਾ ਸੀ। ਬੁਝਾਰਤਾਂ ਦੇ ਨਾਲ-ਨਾਲ ਹੀ ਚੱਲਦਾ ਹੁੰਦਾ ਸੀ ਕਹਾਣੀਆਂ ਦਾ ਦੌਰ। ਬੁਝਾਰਤਾਂ ਤਾਂ ਬੱਚਿਆਂ ਸਮੇਤ ਘਰ ਦੇ ਸਾਰੇ ਮੈਂਬਰ ਹੀ ਪਾ ਲੈਂਦੇ ਸਨ, ਪਰ ਕਹਾਣੀਆਂ ਦਾ ਖ਼ਜ਼ਾਨਾ ਸਿਰਫ਼ ਬਜ਼ੁਰਗਾਂ ਕੋਲ ਹੀ ਹੁੰਦਾ ਸੀ। ਇਹ ਕਹਾਣੀਆਂ ਆਮ ਤੌਰ ’ਤੇ ਰਾਜੇ ਰਾਣੀਆਂ ਦੇ ਜੀਵਨ ਨਾਲ ਜੋੜ ਕੇ ਸਿਰਜੀਆਂ ਹੁੰਦੀਆਂ ਸਨ। ਸਰਵਣ ਭਗਤ ਅਤੇ ਰਾਣੀ ਕੌਲਾਂ ਸਮੇਤ ਕਈ ਹੋਰ ਕਹਾਣੀਆਂ ਬਹੁਤ ਪ੍ਰਸਿੱਧ ਹੁੰਦੀਆਂ ਸਨ। ਇਨ੍ਹਾਂ ਕਹਾਣੀਆਂ ਦੇ ਅੰਤ ਵਿੱਚ ਕੋਈ ਨਾ ਕੋਈ ਉਸਾਰੂ ਸੁਨੇਹਾ ਜ਼ਰੂਰ ਹੁੰਦਾ ਸੀ। ਇਹ ਕਹਾਣੀਆਂ ਕਾਫ਼ੀ ਲੰਬੀਆਂ ਹੁੰਦੀਆਂ ਸਨ ਜਿਸ ਕਰਕੇ ਇਨ੍ਹਾਂ ਨੂੰ ਯਾਦ ਰੱਖਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਸੀ। ਜਿੱਥੇ ਇਨ੍ਹਾਂ ਕਹਾਣੀਆਂ ਨੂੰ ਯਾਦ ਰੱਖਣਾ ਮੁਸ਼ਕਿਲ ਸੀ ਉੱਥੇ ਇਨ੍ਹਾਂ ਨੂੰ ਰੌਚਿਕ ਤਰੀਕੇ ਨਾਲ ਸੁਣਾਉਣ ਦੀ ਕਲਾ ਵੀ ਹਰ ਇੱਕ ਕੋਲ ਨਹੀਂ ਸੀ ਹੁੰਦੀ। ਕਈ ਬੰਦੇ ਤਾਂ ਕਹਾਣੀਆਂ ਸੁਣਾਉਣ ਲਈ ਪਿੰਡਾਂ ਵਿੱਚ ਮਸ਼ਹੂਰ ਹੁੰਦੇ ਸਨ। ਰਾਤ ਨੂੰ ਚਰਖਾ ਕੱਤਣ ਲਈ ਇਕੱਠੀਆਂ ਹੋਈਆਂ ਕੁੜੀਆਂ ਅਜਿਹੇ ਬੰਦਿਆਂ ਨੂੰ ਕੋਲ ਬੁਲਾ ਲੈਂਦੀਆਂ ਸਨ ਤਾਂ ਕਿ ਉਸ ਦੀਆਂ ਕਹਾਣੀਆਂ ਸੁਣਦੇ ਸੁਣਦੇ ਉਨ੍ਹਾਂ ਦੀ ਨੀਂਦ ਟਲੀ ਰਹੇ। ਕਹਾਣੀ ਸੁਣਾਉਣ ਵਾਲਾ ਵੀ ਇੱਕ ਸ਼ਰਤ ਲਗਾਉਂਦਾ ਹੁੰਦਾ ਸੀ ਕਿ ਉਸ ਨੂੰ ਕਹਾਣੀ ਦਾ ਜ਼ਹੂੰ ਜਾਂ ਫੇਰਜ਼ ਕਹਿ ਕੇ ਹੁੰਗਾਰਾ ਜ਼ਰੂਰ ਮਿਲਦਾ ਰਹੇ। ਹੁੰਗਾਰਾ ਹੀ ਸਰੋਤਿਆਂ ਦੇ ਜਾਗਦੇ ਰਹਿਣ ਦਾ ਸੂਚਕ ਹੁੰਦਾ ਸੀ। ਜਦੋਂ ਹੁੰਗਾਰਾ ਆਉਣਾ ਬੰਦ ਹੋ ਜਾਂਦਾ ਤਾਂ ਕਹਾਣੀ ਸੁਣਾਉਣ ਵਾਲਾ ਅੰਦਾਜ਼ਾ ਲਗਾ ਲੈਂਦਾ ਕਿ ਸਰੋਤੇ ਸੌਂ ਗਏ ਹਨ ਅਤੇ ਉਹ ਆਪਣੀ ਕਹਾਣੀ ਬੰਦ ਕਰ ਦਿੰਦਾ ਸੀ। ਉਤਸੁਕਤਾ ਅਨੁਸਾਰ ਬੱਚਿਆਂ ਦਾ ਹੁੰਗਾਰਾ ਵੀ ਵੱਡਾ ਹੁੰਦਾ ਸੀ, ਉਹ ‘ਫੇਰ ਕੀ ਹੋਇਆ’ ਕਹਿ ਕੇ ਵੱਡਾ ਹੁੰਗਾਰਾ ਭਰਦੇ ਸਨ। ਆਮ ਤੌਰ ’ਤੇ ਬੁਝਾਰਤਾਂ ਅਤੇ ਕਹਾਣੀਆਂ ਸੁਣਦੇ-ਸੁਣਦੇ ਪਰਿਵਾਰ ਦੇ ਸਾਰੇ ਜੀਅ ਸੌਣ ਲੱਗਦੇ, ਪਰ ਕਈ ਵਾਰ ਬੱਚੇ ਨਾ ਸੌਂਦੇ ਜਾਂ ਕਈ ਵਾਰ ਬਜ਼ੁਰਗਾਂ ਦਾ ਕਹਾਣੀਆਂ ਸੁਣਾਉਣ ਦਾ ਮੂਡ ਨਾ ਹੁੰਦਾ ਤਾਂ ਉਹ ‘ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੋ ਮਰ ਗਏ ਖ਼ਤਮ ਕਹਾਣੀ’ ਕਹਿ ਕੇ ਕਹਾਣੀ ਦਾ ਫਟਾਫਟ ਅੰਤ ਕਰ ਦਿੰਦੇ। ਪਰ ਬੱਚੇ ਰੌਲਾ ਪਾਉਂਦੇ ‘ਲੈ ਇਹ ਕੀ ਗੱਲ ਬਣੀ ਪੂਰੀ ਕਹਾਣੀ ਸੁਣਾਵੋ।’ ਬੱਚਿਆਂ ਦੀ ਜਿੱਦ ਅੱਗੇ ਹਾਰੇ ਬਜ਼ੁਰਗ ਫਿਰ ਤੋਂ ਕਹਾਣੀਆਂ ਸੁਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੰਦੇ। ਪਤਾ ਵੀ ਨਾ ਚੱਲਦਾ ਕਦੋਂ ਪਰਿਵਾਰ ਦੇ ਸਾਰੇ ਜੀਅ ਇਸ ਬੁਝਾਰਤਾਂ ਅਤੇ ਕਹਾਣੀਆਂ ਦੇ ਸਿਲਸਿਲੇ ਦੌਰਾਨ ਸੌਂ ਜਾਂਦੇ ਅਤੇ ਬੁਝਾਰਤਾਂ ਅਤੇ ਕਹਾਣੀਆਂ ਸੁਣਾਉਣ ਵਾਲਾ ਬਜ਼ੁਰਗ ਸਭ ਤੋਂ ਅਖੀਰ ਵਿੱਚ ਦੀਵੇ ਨੂੰ ‘ਜਾ ਦੀਵਿਆ ਘਰ ਆਪਣੇ ਸੁੱਖ ਗੁਜ਼ਾਰੀ ਰਾਤ, ਅੰਨ ਧੰਨ ਦੇ ਗੱਡੇ ਲਿਆਵੀਂ ਪਿੱਛੇ ਆਵੀਂ ਆਪ’ ਦੀ ਗੁੱਡ ਨਾਈਟ ਕਹਿ ਕੇ ਸੌਂ ਜਾਂਦਾ। ਪਰ ਬਦਲੇ ਸਮਿਆਂ ਵਿੱਚ ਪ੍ਰਚੱਲਿਤ ਮੰਨੋਰੰਜਨ ਦੇ ਆਧੁਨਿਕ ਸਾਧਨਾਂ ਮੋਬਾਈਲ ਅਤੇ ਟੈਲੀਵੀਜ਼ਨ ਆਦਿ ਨੇ ਇਸ ਸਭ ਕਾਸੇ ਨੂੰ ਬੀਤੇ ਯੁੱਗ ਦੀਆਂ ਗੱਲਾਂ ਬਣਾ ਕੇ ਰੱਖ ਦਿੱਤਾ ਹੈ। ਅੱਜਕੱਲ੍ਹ ਤਾਂ ਪਰਿਵਾਰ ਇੱਕ ਕਮਰੇ ਵਿੱਚ ਜੁੜਦੇ ਹੀ ਨਹੀਂ ਹਨ, ਇੱਕ ਕਮਰੇ ਵਿੱਚ ਸੌਣਾਂ ਤਾਂ ਦੂਰ ਦੀ ਗੱਲ ਰਹੀ। ਸ਼ਹਿਰੀ ਜੀਵਨ ਵਿੱਚ ਤਾਂ ਬਚਪਨ ਤੋਂ ਹੀ ਬੱਚਿਆਂ ਨੂੰ ਅਲੱਗ ਕਮਰੇ ਵਿੱਚ ਸਵਾਉਣ ਦਾ ਪ੍ਰਚਲਨ ਆਮ ਹੈ। ਘਰ ਦੇ ਸਾਰੇ ਮੈਂਬਰ ਰੋਟੀ ਪਾਣੀ ਖਾ ਕੇ ਆਪੋ ਆਪਣੇ ਕਮਰਿਆਂ ਵਿੱਚ ਲੱਗੇ ਬੈੱਡਾਂ ’ਤੇ ਜਾ ਬਿਰਾਜਦੇ ਹਨ। ਸਾਹਮਣੇ ਟੈਲੀਵੀਜ਼ਨ ਚੱਲਦਾ ਹੁੰਦਾ ਹੈ ਅਤੇ ਸਭ ਦੇ ਹੱਥਾਂ ਵਿੱਚ ਹੁੰਦੇ ਹਨ ਆਪੋ ਆਪਣੇ ਮੋਬਾਈਲ। ਟੈਲੀਵੀਜ਼ਨ ਅਤੇ ਸੋਸ਼ਲ ਮੀਡੀਆ ਦਾ ਨਾਲੋ ਨਾਲ ਚੱਲਦਾ ਉਪਯੋਗ ਕੋਲ ਬੈਠਿਆਂ ਨੂੰ ਵੀ ਦੂਰ ਕਰੀ ਰੱਖਦਾ ਹੈ। ਕੋਈ ਕਿਸੇ ਨਾਲ ਗੱਲ ਨਹੀਂ ਕਰਦਾ, ਸਭ ਆਪੋ ਆਪਣੀ ਚੈਟਿੰਗ ਵਿੱਚ ਮਸਤ ਹੁੰਦੇ ਹਨ। ਬੀਤ ਚੁੱਕਾ ਬੁਝਾਰਤਾਂ ਅਤੇ ਕਹਾਣੀਆਂ ਦਾ ਉਹ ਦੌਰ ਅੱਜ ਵੀ ਰਹਿ ਰਹਿ ਕੇ ਚੇਤੇ ਆਉਂਦਾ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top