Home / ਧਰਮ / ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ

ਅਧਿਆਤਮਕ ਤੇ ਦੁਨਿਆਵੀ ਜੀਵਨ ਵਿੱਚ ਗੁਰੂ ਦਾ ਵੱਡਾ ਮਹੱਤਵ ਹੈ। ਪੰਜਾਬੀ ਲੋਕਧਾਰਾ ਵਿੱਚ ‘ਗੁਰੂ ਬਿਨਾਂ ਗਤ ਨਹੀਂ ਅਤੇ ਸ਼ਾਹ ਬਿਨਾਂ ਪੱਤ ਨਹੀਂ’ ਦੀ ਪੰਕਤੀ ਪ੍ਰਚੱਲਤ ਹੈ ਤਾਂ ਗੁਰਬਾਣੀ ਵਿੱਚ ਗੁਰੂ ਨੂੰ ਗਿਆਨ ਅਤੇ ਗੁੜ੍ਹਤੀ ਦਾ ਦਾਤਾ ਹੋਣ ਦੇ ਨਾਲ ਨਾਲ ਗੁਰੂ ਪਰਮੇਸ਼ਰ ਤੇ ਪਾਰਬ੍ਰਹਮ ਪਰਮੇਸ਼ਰ ਹੋਣ ਦਾ ਰੁਤਬਾ ਪ੍ਰਾਪਤ ਹੈ। ਭਾਈ ਵੀਰ ਸਿੰਘ ‘ਗੁਰੂ’ ਦਾ ਅਰਥ ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਗਿਆਨ ਰੂਪੀ ਪ੍ਰਕਾਸ਼ ਕਰ ਦੇਣ ਦੇ ਅਰਥਾਂ ਵਿੱਚ ਕਰਦੇ ਹਨ। ਸਿੱਖੀ ਵਿੱਚ ਗੁਰੂ ਅਤੇ ਗੁਰਗੱਦੀ ਦੀ ਬਖ਼ਸ਼ਿਸ਼, ਇਲਾਹੀ ਰਮਜ਼ ਦਾ ਵਰਤਾਰਾ ਹੈ। ਗੁਰੂ ਨਾਨਕ ਦੇਵ ਨੇ ਇਸੇ ਇਲਾਹੀ ਫਰਮਾਨ ਰਾਹੀਂ ਭਾਈ ਲਹਿਣਾ ਨੂੰ ਸਤੰਬਰ 1539 ਈਸਵੀ ਵਿੱਚ ਗੁਰਗੱਦੀ ਬਖਸ਼ੀ। ਭਾਈ ਗੁਰਦਾਸ ਆਪਣੀ ਪਹਿਲੀ ਵਾਰ ਦੀ ਪੰਜਤਾਲਵੀਂ ਪਉੜੀ ਵਿੱਚ ਗੁਰ-ਗੱਦੀ ਦੀ ਮਹਾਨਤਾ ਦਰਸਾਉਂਦੇ ਹਨ:
ਥਾਪਿਆ ਲਹਿਣਾ ਜੀਵਦੇ, ਗੁਰਿਆਈ ਸਿਰਿ ਛਤ੍ਰ ਫਿਰਾਇਆ॥ ਜੋਤੀ ਜੋਤਿ ਮਿਲਾਇ ਕੈ, ਸਤਿਗੁਰ ਨਾਨਕਿ ਰੂਪ ਵਟਾਇਆ॥ ਲਖਿ ਨ ਕੋਈ ਸਕਈ, ਆਚਰਜੇ ਆਚਰਜੁ ਦਿਖਾਇਆ॥ ਕਾਇਆ ਪਲਟਿ ਸਰੂਪ ਬਣਾਇਆ॥ (ਵਾਰ 1, ਪਉੜੀ 45)
ਗੁਰੂ ਨਾਨਕ ਵੱਲੋਂ ਪਾਈਆਂ ਲੀਹਾਂ ਮੁਤਾਬਕ ਗੁਰੂ ਅੰਗਦ ਦੇਵ ਨੇ ਗੁਰਮੁਖੀ ਲਿਪੀ, ਲੰਗਰ, ਮੱਲ ਅਖਾੜੇ ਆਦਿ ਰਾਹੀਂ ਸਿੱਖੀ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਗੁਰੂ ਨਾਨਕ ਨੇ ਗੁਰਿਆਈ ਦੀ ਰਸਮ ਆਪ ਅਦਾ ਕਰ ਕੇ ਖ਼ੁਦ ਭਾਈ ਲਹਿਣਾ ਤੋਂ ਗੁਰੂ ਅੰਗਦ ਬਣਾ ਕੇ ਆਪ ਮੱਥਾ ਟੇਕਿਆ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਵੀ ਮੱਥਾ ਟੇਕਣ ਦਾ ਆਦੇਸ਼ ਕੀਤਾ। ਇਸ ਨਾਲ ਸਿੱਖੀ ਨੂੰ ਗੁਰਿਆਈ ਪਰੰਪਰਾ ਦਾ ਗਿਆਨ ਹੋਇਆ ਅਤੇ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਦੀ ਸਪੱਸ਼ਟ ਪਛਾਣ ਹੋਈ। ਇਸ ਵਰਤਾਰੇ ਨੇ ਇਤਿਹਾਸਿਕ ਤੌਰ ’ਤੇ ਸਿੱਖੀ ਦੇ ਅਗਲੇ ਪੰਥ ਲਈ ਮਹੱਤਵਪੂਰਨ ਭੂਮਿਕਾ ਨਿਭਾਈ।
ਗੁਰੂ ਨਾਨਕ ਆਪਣੇ ਪੁੱਤਰਾਂ ਦੇ ਸੁਭਾਅ ਤੋਂ ਪਹਿਲਾਂ ਹੀ ਜਾਣੂ ਸਨ ਅਤੇ ਉਹ ਸਿੱਖੀ-ਪ੍ਰਚਾਰ ਦਾ ਨਵਾਂ ਕੇਂਦਰ ਬਣਾਉਣ ਦੇ ਇੱਛੁਕ ਵੀ ਸਨ। ਇਸ ਲਈ ਉਹ ਗੁਰੂ ਅੰਗਦ ਦੇਵ ਨੂੰ ‘ਖਡੂਰ ਸਾਹਿਬ’ ਨੂੰ ਪ੍ਰਚਾਰ-ਕੇਂਦਰ ਬਣਾਉਣ ਬਾਰੇ ਵੀ ਕਹਿ ਗਏ ਸਨ। ਇੱਥੇ ਉਹ ਕਾਫੀ ਸਮਾਂ ਮਾਈ ਵਿਰਾਈ ਦੇ ਘਰ ਸਿਮਰਨ ਵਿੱਚ ਲੀਨ ਰਹੇ। ਗੁਰੂ ਜੀ ਨੇ ਇਸ ਮਾਈ ਨੂੰ ਕਹਿ ਰੱਖਿਆ ਸੀ ਕਿ ਕਿਸੇ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਾ ਦੇਣ। ਗੁਰੂ ਨਾਨਕ ਦੇ ਜੋਤੀ-ਜੋਤਿ ਸਮਾਉਣ ਦੀ ਖਬਰ ਸੁਣ ਕੇ ਉਹ ਬਹੁਤ ਵੈਰਾਗ ਵਿੱਚ ਆ ਗਏ ਅਤੇ ਉਨ੍ਹਾਂ ਦੀ ਯਾਦ ਵਿੱਚ ਕਰਤਾਰ ਦੀ ਬੰਦਗੀ ਵਿੱਚ ਲੱਗੇ ਰਹੇ। ਸੰਗਤਾਂ ਨੇ ਆਖਿਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਅੰਗਦ ਦੇ ਟਿਕਾਣੇ ਦਾ ਪਤਾ ਕਰਨ। ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤਾਂ ਨੇ ਮਾਈ ਵਿਰਾਈ ਜੀ ਰਾਹੀਂ ਗੁਰੂ ਅੰਗਦ ਦੇਵ ਨੂੰ ਗੁਰ-ਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਬੇਨਤੀ ਕੀਤੀ।
ਗੁਰੂ ਅੰਗਦ ਨੇ 62 ਸਲੋਕਾਂ ਦੀ ਰਚਨਾ ਕੀਤੀ। ਖਡੂਰ ਸਾਹਿਬ ਨੂੰ ਆਪਣਾ ਸਦਰ ਮੁਕਾਮ ਬਣਾਇਆ ਅਤੇ ਇੱਥੋਂ ਹੀ ਅਗਲੇ ਕਾਰਜ ਕਰਦੇ ਰਹੇ। ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦਾ ਪਹਿਲਾ ਬਾਲ ਬੋਧ ਜਾਰੀ ਕੀਤਾ ਗਿਆ। ਇਸੇ ਸਥਾਨ ’ਤੇ ਗੁਰਮੁਖੀ ਲਿਪੀ ਨੂੰ ਤਰਤੀਬ ਦੇ ਕੇ ਵਿਕਸਿਤ ਕੀਤਾ ਤੇ ਬਾਲ-ਬੋਧ ਲਿਖਵਾ ਕੇ ਇਸੇ ਲਿਪੀ ਵਿੱਚ ਇਤਿਹਾਸਿਕ ਸਰੋਤ ਜਨਮ ਸਾਖੀ ਲਿਖਵਾਈ। ਗੁਰੂ ਅੰਗਦ ਗੁਰੂ ਸ਼ਬਦ ਦਾ ਲੰਗਰ ਖ਼ੁਦ ਵਰਤਾਇਆ ਕਰਦੇ ਸਨ। ਇਸ ਬਾਰੇ ਭਾਈ ਸੱਤਾ ਤੇ ਬਲਵੰਡ ‘ਰਾਮਕਲੀ ਕੀ ਵਾਰ’ ਵਿੱਚ ਜ਼ਿਕਰ ਕਰਦੇ ਹਨ:
ਲੰਗਰੁ ਚਲੈ ਗੁਰ ਸਬਦਿ, ਹਰਿ ਤੋਟਿ ਨ ਆਵੀ ਖਟੀਐ।।
ਗੁਰੂ ਅੰਗਦ ਨੇ ਨਿਰੋਏ ਤੇ ਤੰਦਰੁਸਤ ਸਰੀਰਾਂ ਦੀ ਚੇਤਨਾ ਪੈਦਾ ਕਰਨ ਲਈ ਮੱਲ ਅਖਾੜਾ ਬਣਾਇਆ, ਜਿੱਥੇ ਗੁਰੂ ਜੀ ਆਪਣੀ ਨਿਗਰਾਨੀ ਅਤੇ ਸਰਪ੍ਰਸਤੀ ਹੇਠ ਵਰਜ਼ਿਸ਼ ਕਰਵਾਉਂਦੇ ਰਹੇ। ਗੁਰੂ ਜੀ ਵੱਲੋਂ ਨਰੋਈ ਦੇਹ ਦੀ ਪੈਦਾ ਕੀਤੀ ਚੇਤਨਾ ਵਿਚੋਂ ਹੀ ਸਿੱਖਾਂ ਵਿੱਚ ਉਹ ਸੱਭਿਆਚਾਰ ਪੈਦਾ ਹੋੋਇਆ ਜੋ ਖ਼ਾਲਸਾ ਫੌਜ ਦੇ ਵਿਲੱਖਣ ਕਾਰਨਾਮਿਆਂ ਦਾ ਆਧਾਰ ਬਣਿਆ। ਇਸ ਤੋਂ ਇਲਾਵਾ ਉਨ੍ਹਾਂ ਲੰਗਰ ਦੀ ਪ੍ਰਥਾ ਵੀ ਚਲਾਈ ਜਿਸ ਵਿੱਚ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਨੇ ਵਡਮੁੱਲਾ ਯੋਗਦਾਨ ਪਾਇਆ। ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿੱਚ ਬਾਬਾ ਸੇਵਾ ਸਿੰਘ ਕਾਰ ਸੇਵਾ, ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਵਿਘਨ ਚਲਾਈ ਜਾ ਰਹੀ ਹੈ।
ਇਸ ਤਰ੍ਹਾਂ ਗੁਰੂ ਸਾਹਿਬ ਨੇ ਗੁਰਿਆਈ ਦਾ ਲਗਭਗ 13 ਸਾਲ ਦਾ ਅਰਸਾ ਖਡੂਰ ਸਾਹਿਬ ਵਿਖੇ ਹੀ ਬਤੀਤ ਕੀਤਾ ਅਤੇ ਸਿੱਖੀ ਦੇ ਸੰਸਥਾਈ     ਢਾਂਚੇ ਦੀ ਉਸਾਰੀ ਕੀਤੀ। ਇਸੇ ਢਾਂਚੇ ਕਰਕੇ ਸਿੱਖਾਂ ਦੀ ਵਿਲੱਖਣ ਹਸਤੀ ਅਤੇ ਇਸ ਦਾ ਸੱਭਿਆਚਾਰ ਹੋਂਦ ਵਿੱਚ ਆਇਆ। ਗੁਰੂ ਅੰਗਦ ਦਾ ਗੁਰ-ਗੱਦੀ ਪੁਰਬ ਗੁਰਦੁਆਰਾ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਖਡੂਰ ਸਾਹਿਬ ਵਿਖੇ ਹਰ ਸਾਲ ਮਨਾਇਆ ਜਾਂਦਾ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top