Home / ਘਰ-ਪਰਿਵਾਰ / ਆਓ ਘਰਾਂ ਨੂੰ ਬਚਾਉਣ ਲਈ ਅਹਿਦ ਕਰੀਏ
ਆਓ ਘਰਾਂ ਨੂੰ ਬਚਾਉਣ ਲਈ ਅਹਿਦ ਕਰੀਏ

ਆਓ ਘਰਾਂ ਨੂੰ ਬਚਾਉਣ ਲਈ ਅਹਿਦ ਕਰੀਏ

ਬੱਚੇ ਕੁਦਰਤ ਦਾ ਕਾਵਿਕ ਕ੍ਰਿਸ਼ਮਾ ਹਨ। ਬੱਚਿਆਂ ਦੀ ਆਮਦ ਤੇ ਅਨੁਭੂਤੀ ਘਰਾਂ ਨੂੰ ਘਰ ਬਣਾਉਂਦੀ ਹੈ। ਬੱਚਿਆਂ ਬਿਨਾਂ ਘਰ ਸਿਰਫ਼ ਅੰਕ, ਆਕਾਰ ਤੇ ਆਭਾ ਬਣ ਕੇ ਰਹਿ ਜਾਂਦੇ ਹਨ। ਬੱਚੇ ਆਪਣੇ ਨਾਲ ਭਵਿੱਖ ਦਾ ਸੁੰਦਰ ਤੇ ਸੁਪਨਸ਼ੀਲ ਸੰਸਾਰ ਲੈ ਕੇ ਆਉਂਦੇ ਹਨ। ਬੱਚਿਆਂ ਦੀਆਂ ਤੋਤਲੀਆਂ ਤੇ ਤੁਰੰਨਮੀ ਆਵਾਜ਼ਾਂ ਨਾਲ ਘਰਾਂ ਅੰਦਰ ਰੂਹ, ਰਾਗ, ਰਸ ਤੇ ਰਵਾਨੀ ਦਾ ਪ੍ਰਵੇਸ਼ ਹੁੰਦਾ ਹੈ। ਬੱਚੇ ਜਿਊਣ ਲਈ ਸ਼ਕਤੀ, ਸਬਰ ਤੇ ਸਨੇਹ ਦਿੰਦੇ ਹਨ। ਸਾਡੀਆਂ ਨਾੜਾਂ ਵਿਚਲਾ ਖ਼ੂਨ  ਖੌਲਣ ਲੱਗਦਾ ਹੈ।
ਬੱਚਿਆਂ ਦੀ ਮਹਿਕ ਤੇ ਮੁਹੱਬਤੀ ਮਾਸੂਮੀਅਤ ਨਾਲ ਬੁਢਾਪੇ ਨੂੰ ਤਪਸ਼ ਤੇ ਤਾਜ਼ਗੀ ਮਿਲਦੀ ਹੈ। ਰਿਜ਼ਕ ਦੀਆਂ ਮਜਬੂਰੀਆਂ ਬੱਚਿਆਂ ਨੂੰ ਮਾਤਾ-ਪਿਤਾ ਤੇ ਦਾਦੇ-ਦਾਦੀਆਂ ਤੋਂ ਦੂਰ ਕਰ ਦਿੰਦੀਆਂ ਹਨ। ਬੱਚਿਆਂ ਬਿਨਾਂ ਰਹਿਣਾ ਸੌਖਾ ਤੇ ਸਹਿਜ ਨਹੀਂ ਹੁੰਦਾ। ਅਜੋਕੇ ਸੰਗਮਰਮਰੀ ਤੇ ਸਹੂਲਤੀ ਯੁੱਗ ਵਿੱਚ ਮੰਜ਼ਿਲੇ, ਬਹੁ-ਮੰਜ਼ਿਲੇ ਅਤੇ ਕਈ ਮੰਜ਼ਿਲੇ ਮਕਾਨ ਤਾਂ ਹਨ, ਪਰ ਘਰ ਵਿਰਲੇ ਤੇ ਵਿਚਾਰੇ ਰਹਿ ਗਏ ਹਨ। ਨੌਕਰਾਂ ਸਹਾਰੇ ਘਰ ਵੀ ਹੋਟਲਨੁਮਾ ਠਹਿਰ ਬਣ ਜਾਂਦੇ ਹਨ, ਜਿਸ ਵਿੱਚ ਸੁਵਿਧਾਵਾਂ ਤਾਂ ਹੁੰਦੀਆਂ ਹਨ, ਪਰ ਆਂਤਰਿਕ ਸੁੱਖ ਤੇ ਸਕੂਨ ਨਹੀਂ ਹੁੰਦਾ। ਬੱਚਿਆਂ ਦੀਆਂ ਕਰਮਸ਼ੀਲ ਤੇ ਕਾਵਿਕ ਕਿਲਕਾਰੀਆਂ ਘਰਾਂ ਨੂੰ ਇੱਟਾਂ-ਪੱਥਰਾਂ ਦੇ ਆਸ਼ਰਮ ਬਣਨ ਤੋਂ ਬਚਾਉਂਦੀਆਂ ਹਨ। ਸਹੂਲਤੀ ਹਾਊਸ ਨੰਬਰਾਂ ਵਿੱਚ ਰਹਿਣ ਵਾਲੇ ਲੋਕ ਆਪਣੇ ਪਰਦੇਸੀ ਬੱਚਿਆਂ ਦੀ ਉਡੀਕ ਕਰਦੇ ਕਰਦੇ ਅੰਤ ਬਿਨ ਬੋਲੇ ਰੁਖ਼ਸਤ ਹੋ ਜਾਂਦੇ ਹਨ। ਮੇਰਾ ਛੋਟਾ ਭਰਾ ਪਿੰਡ ਰਹਿੰਦਾ ਹੈ ਅਤੇ ਸੇਵਾਮੁਕਤੀ ਤੋਂ ਬਾਅਦ ਪੋਤੇ-ਪੋਤੀਆਂ ਨੂੰ ਪ੍ਰਚਾਉਣ ਤੇ ਖਿਡਾਉਣ ਵਿੱਚ ਰੁੱਝਿਆ ਰਹਿੰਦਾ ਹੈ। ਬੱਚਿਆਂ ਨੂੰ ਸਾਈਕਲ ’ਤੇ ਬਿਠਾ ਕੇ ਕਦੇ ਖੂਹ ਵੱਲ ਲੈ ਜਾਂਦਾ ਹੈ ਅਤੇ ਘਰ ਲੈ ਆਉਂਦਾ ਹੈ। ਇਸ ਤਰ੍ਹਾਂ ਦੀ ਤਪਸ਼ ਤੇ ਤਾਜ਼ਗੀ ਬਹੁਤ ਘੱਟ ਘਰਾਂ ਵਿੱਚ ਮਿਲਦੀ ਹੈ। ਘਰ ਵਿੱਚ ਪੈਸਾ ਤੇ ਪਦਾਰਥ ਭਾਵੇਂ ਘੱਟ ਹੋਣ, ਪਰ ਪਿਆਰ ਤੇ ਪਾਕੀਜ਼ਗੀ ਲਾਜ਼ਮੀ ਹੋਣੀ ਚਾਹੀਦੀ ਹੈ। ਵੱਡੇ ਬੱਚਿਆਂ ਕੋਲੋਂ ਸਹਿਣਸ਼ੀਲਤਾ ਸੁਪਨੇ, ਸਰਲਤਾ ਤੇ ਸਨੇਹ ਲੈਂਦੇ ਹਨ ਅਤੇ ਬੱਚੇ ਵੱਡਿਆਂ ਦੀ ਸੰਗਤ ਤੇ ਸੁਹਬਤ ਵਿੱਚ ਸਿਆਣਪ, ਸਿੱਖਿਆ, ਸਹਿਯੋਗ ਤੇ ਸਾਹਸ ਗ੍ਰਹਿਣ ਕਰਦੇ ਹਨ। ਇਹੋ ਜ਼ਿੰਦਗੀ ਦਾ ਇਨਸਾਨੀ ਤੇ ਇਖਲਾਕੀ ਧਰਮ ਤੇ ਧਾਰਨਾ ਹੈ। ਵੱਡੇ-ਵੱਡੇ ਹਕੀਮ, ਵੈਦ ਤੇ ਡਾਕਟਰ ਵੀ ਬੱਚਿਆਂ ਦੇ ਲੈਆਤਮਕ ਦਵਾਖਾਨੇ ਤੋਂ ਜੀਵਤ ਤੇ ਜਿਊਣਯੋਗ ਦਵਾਈਆਂ ਲੈ ਕੇ ਆਪਣੇ ਆਪਣੇ ਕਿੱਤਿਆਂ ਤੇ ਕਰਮ ਨੂੰ ਇਨਸਾਨੀ ਰੰਗਣ ਤੇ ਰੂਹ ਨਾਲ ਉਰਜਿਤ ਕਰਦੇ ਹਨ। ਮਨ ਨੂੰ ਸਿਹਤਮੰਦ ਖ਼ਾਬਾਂ ਤੇ ਖਿਆਲਾਂ ਦੀ ਥਾਂ ਇਕੱਲਤਾ, ਆਧੁਨਿਕ, ਅਭਿਮਾਨ ਤੇ ਲੋਭ ਦੇ ਲੇਖੇ ਲਾ ਦੇਣ ਨਾਲ ਆਤਮ-ਹੱਤਿਆ ਤੇ ਅਮਾਨਵੀ ਖ਼ਬਤ ਵਰਗੀਆਂ ਰੁਚੀਆਂ ਪ੍ਰਫੁੱਲਿਤ ਹੋ ਰਹੀਆਂ ਹਨ। ਨਿੱਜੀ ਸਹੂਲਤ ਤੇ ਸੁਤੰਤਰਤਾ ਲਈ ਬੱਚਿਆਂ ਨੂੰ ਹੋਸਟਲਾਂ ਤੇ ਹੋਟਲਾਂ ਵਿੱਚ ਭੇਜ ਕੇ ਵਿਦਿਆ ਪ੍ਰਾਪਤ ਕਰਨ ਦੀ ਖੁੱਲ੍ਹ ਦੇ ਕੇ ਅਸੀਂ ਬੱਚਿਆਂ ਨੂੰ ਬੇਗਾਨੇ, ਬਾਹਰਮੁਖੀ ਤੇ ਬੰਬਵਾਦੀ ਬਣਾਉਣ ਦੇ ਜ਼ਿੰਮੇਵਾਰ ਹਾਂ। ਪੰਜਾਬ ਦਾ ਹਰ ਬੱਚਾ ਹੁਣ ਬਾਰ੍ਹਵੀਂ ਤੋਂ ਬਾਅਦ ਵਿਦੇਸ਼ ਜਾ ਕੇ ਆਜ਼ਾਦ ਹੋਂਦ ਸਥਾਪਿਤ ਕਰਨ ਲਈ ਕਾਹਲਾ ਹੈ। ਬਹੁਤੇ ਲੋਕ ਇਕਲੌਤੇ ਬੱਚੇ ਨੂੰ ਵੀ ਘਰ ਰੱਖ ਕੇ ਪੜ੍ਹਾਉਣ ਤੋਂ ਡਰਦੇ ਹਨ। ਇਸ ਕਾਹਲੀ ਤੇ ਕਮਜ਼ਰਫ ਸੋਚ ਨੇ ਘਰਾਂ ਨੂੰ ਟੋਟੇ-ਟੋਟੇ ਕਰ ਦਿੱਤਾ ਹੈ। ਹਰ ਕੋਈ ਆਜ਼ਾਦ, ਅਲਹਿਦਾ ਤੇ ਆਤੰਕੀ ਹੋਣਾ ਚਾਹੁੰਦਾ ਹੈ। ਅਜਿਹੇ ਦੌਰ ਵਿੱਚ ਮੌਲਿਕਤਾ, ਮੋਹ ਮਾਸੂਮੀਅਤ ਤੇ ਮਾਨਵਤਾ ਨੇ ਬਹੁਤਾ ਚਿਰ ਧੜਕਦੀ ਨਹੀਂ ਰਹਿਣਾ।
ਵਿਆਹਾਂ ਤੇ ਮਰਨਿਆਂ ਦੇ ਆਡੰਬਰੀ ਸ਼ੋਅ ਮੈਚਾਂ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਪੰਜਾਬੀਆਂ ਕੋਲ ਬੱਚਿਆਂ ਬਾਰੇ ਸੋਚਣ ਲਈ ਵਿਹਲ ਤੇ ਵਿਵੇਕ ਨਹੀਂ ਬਚਿਆ। ਸਿੱਟੇ ਵਜੋਂ ਬੱਚੇ ਆਪਹੁਦਰੇ, ਆਵਾਰਾ ਤੇ ਅਵਾਜ਼ਾਰ ਹੋ ਗਏ ਹਨ। ਕਿਤੇ-ਕਿਤੇ ਕੋਈ-ਕੋਈ ਆਗਿਆਕਾਰੀ, ਅਨੁਭਵੀ ਤੇ ਆਸਵੰਤ ਬੱਚਾ ਲੱਭਦਾ ਹੈ। ਪਹਿਲਾਂ ਮਾਪੇ ਕਿਰਤੀ, ਕਮਾਊ ਤੇ ਕਰਮਸ਼ੀਲ ਹੁੰਦੇ ਹਨ ਅਤੇ ਬੱਚੇ ਵੀ ਮਾਪਿਆਂ ਦੀ ਮਿਹਨਤ ਤੇ ਮਹਾਤਮ ਨੂੰ ਮਹਿਸੂਸ ਕੇ ਖ਼ੁਦ ਚੰਗੇ ਇਨਸਾਨ ਬਣਨ ਲਈ ਤਤਪਰ ਰਹਿੰਦੇ ਹਨ। ਆਦਰ, ਅਹਿਸਾਨ ਤੇ ਅਹਿਸਾਸ ਦਾ ਪਾਠ ਹੁਣ ਸਾਡੇ ਇਨਸਾਨੀ ਸਿਲੇਬਸ ਵਿੱਚ ਨਹੀਂ ਹੈ। ਸਾਡੀਆਂ ਬਦ-ਇਖ਼ਲਾਕੀਆਂ, ਬਦਨਾਮੀਆਂ ਤੇ ਬੇਈਮਾਨੀਆਂ ਨੇ ਬੱਚਿਆਂ ਨੂੰ ਵੀ ਲੁੱਟਣ-ਖੋਹਣ ਦੇ ਮਾਹਿਰ ਬਣਾ ਦਿੱਤਾ ਹੈ। ਕਸੂਰ ਕਿਸਦਾ ਮਿੱਥੀਏ?
ਮਾਂ-ਬਾਪ ਬੱਚਿਆਂ ਨੂੰ ਅਕਲ, ਅੱਖਰ ਤੇ ਅਨੁਭਵ ਨਹੀਂ ਦੇ ਸਕੇ। ਅਧਿਆਪਕ ਪੜ੍ਹਾਉਂਦੇ ਨਹੀਂ ਕਿਉਂਕਿ ਬੱਚੇ ਖ਼ਾਬਹੀਣ ਤੇ ਖ਼ਰੂਦੀ ਹੋ ਗਏ ਹਨ। ਹਕੂਮਤਾਂ ਡੰਗ ਟਪਾਉਂਦੀਆਂ ਹਨ। ਸਾਨੂੰ ਅੰਨ੍ਹੇ ਤੇ ਆਲਸੀ ਬਣਾ ਕੇ ਖ਼ੂਬ ਭਟਕਾਉਂਦੀਆਂ ਹਨ। ਬੱਚੇ ਮਾਂ-ਪਿਓ ਤੇ ਅਧਿਆਪਕ ਦੀ ਸੁਣਦੇ ਨਹੀਂ। ਮੋਬਾਈਲਾਂ ਤੇ ਕੰਪਿਊਟਰਾਂ ਨੂੰ ਸਭ ਕੁਝ ਮੰਨੀ ਬੈਠੇ ਹਨ। ਕਾਰਪੋਰੇਟ ਕਰਤੂਤਾਂ ਨੇ ਕੱਖ ਦੇ ਨਹੀਂ ਰਹਿਣ ਦੇਣਾ। ਆਓ ਸਾਰੇ ਰਲ-ਮਿਲ ਕੇ ਬੱਚਿਆਂ ਦੀਆਂ ਸੁਰੀਲੀਆਂ, ਸੁਪਨਸ਼ੀਲ, ਸੁਰਵੰਤ ਤੇ ਸੁਚੱਜੀਆਂ ਧੜਕਣਾਂ ਨੂੰ ਬਚਾਉਣ ਲਈ ਕੋਈ ਆਹਰ ਤੇ ਅਹਿਦ ਕਰੀਏ ਤਾਂ ਕਿ ਘਰ ਘਰ ਰਹਿ ਸਕਣ। ਘਰ ਬਿਨਾਂ ਜੀਵਨ ਕਾਹਦਾ?
ਸਾਡਾ ਇਕਲੌਤਾ ਬੱਚਾ ਵੀ ਵਿਦੇਸ਼ ਜਾਣਾ ਚਾਹੁੰਦਾ ਸੀ, ਪਰ ਉਸ ਦੀ ਮਾਂ ਨੇ ਉਸ ਨੂੰ ਔਖੇ-ਸੌਖੇ ਮਨਾ ਲਿਆ। ਖ਼ੂਬ ਪੜ੍ਹਾਇਆ, ਔਖੇ ਵੀ ਹੋਏ, ਕੁਝ ਮੁਸੀਬਤਾਂ ਵੀ ਆਈਆਂ। ਹੁਣ ਉਹ ਸਾਰੇ ਪਰਿਵਾਰ ਵਿੱਚ ਪਹਿਲਾਂ ਪੀਐੱਚ.ਡੀ. ਕਰਨ ਵਾਲਾ ਹੈ। ਅੱਖਰਾਂ ਦੀ ਤਲਾਸ਼ ਤੇ ਤਿਹੁ ਦਾ ਪੰਧ ਬਹੁਤ ਔਖਾ ਹੈ, ਪਰ ਅਸੰਭਵ ਨਹੀਂ। ਅੱਖਰਾਂ ਦੇ ਵਾਰਿਸ ਬਣਨਾ ਔਖਾ। ਅਜਿਹੀ ਸੋਚ ਤੇ ਸੰਵੇਦਨਾ ਜਾਗਣੀ ਚਾਹੀਦੀ ਹੈ ਤਾਂ ਹੀ ਸਾਡਾ ਤੇ ਸਾਡੇ ਬੱਚਿਆਂ ਦਾ ਭਵਿੱਖ ਸੁਪਨਸ਼ੀਲ ਹੋਏਗਾ। ਵਰਨਾ ਰੋਣ ਲਈ ਮੋਢਾ ਤੇ ਹੱਸਣ ਲਈ ਖ਼ੁਸ਼ੀ ਨਹੀਂ ਲੱਭਣੀ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top